BBMB ਮੁੱਦੇ ''ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ, 24 ਤਾਰੀਖ਼ ਨੂੰ ਰਾਜਪਾਲ ਨਾਲ ਕਰਨਗੇ ਮੁਲਾਕਾਤ
Saturday, Apr 18, 2026 - 05:21 PM (IST)
ਲੁਧਿਆਣਾ : ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਈਸੜੂ ਭਵਨ ਵਿਖੇ ਹੋਈ। ਇਸ ਮੀਟਿੰਗ ਦੌਰਾਨ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਦੇ ਮੁੱਦੇ ਨੂੰ ਲੈ ਕੇ ਵਿਸਥਾਰ ਨਾਲ ਗੱਲਬਾਤ ਹੋਈ। ਬੀ. ਬੀ. ਐੱਮ. ਬੀ. ਭਰਤੀ ਨਿਯਮਾਂ 'ਚ ਬਦਲਾਅ ਨੂੰ ਲੈ ਕੇ ਵੱਖ-ਵੱਖ ਮੈਂਬਰਾਂ ਵਲੋਂ ਆਪਣੇ ਵਿਚਾਰ ਰੱਖੇ ਗਏ। ਮੀਟਿੰਗ 'ਚ ਵੱਡਾ ਫ਼ੈਸਲਾ ਲਿਆ ਗਿਆ ਕਿ 24 ਅਪ੍ਰੈਲ ਨੂੰ ਕਿਸਾਨ ਸੰਗਠਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਇਕ ਵਫ਼ਦ ਰਾਹੀਂ ਮੰਗ ਪੱਤਰ ਸੌਂਪਣਗੇ। ਇਸ ਦਾ ਮੁੱਖ ਮਕਸਦ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਬੀ. ਬੀ. ਐੱਮ. ਬੀ. ਅੰਦਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਤੀ ਨੂੰ ਕੰਟਰੋਲ ਕਰਨ ਵਾਲੇ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਗਏ ਹਨ। ਇਸ ਤਹਿਤ ਹੁਣ ਬੋਰਡ 'ਚ 2 ਮੁੱਖ ਅਹੁਦਿਆਂ ਲਈ ਸਿਰਫ ਪੰਜਾਬ ਅਤੇ ਹਰਿਆਣਾ ਤੋਂ ਲਾਜ਼ਮੀ ਪ੍ਰਤੀਨਿਧਤਾ ਲਾਗੂ ਨਹੀਂ ਰਹੇਗੀ। ਨਵੇਂ ਨਿਯਮਾਂ ਦੇ ਤਹਿਤ ਦੇਸ਼ ਭਰ ਦੇ ਅਧਿਕਾਰੀ ਹੁਣ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ। ਪਹਿਲਾਂ ਨਿਯਮਾਂ 'ਚ ਇਹ ਲਾਜ਼ਮੀ ਸੀ ਕਿ ਇੱਕ ਅਧਿਕਾਰੀ ਪੰਜਾਬ ਤੋਂ ਅਤੇ ਦੂਜਾ ਹਰਿਆਣਾ ਤੋਂ ਹੋਣਾ ਚਾਹੀਦਾ ਹੈ। ਹਾਲਾਂਕਿ ਇਹ ਸ਼ਰਤ ਹੁਣ ਹਟਾ ਦਿੱਤੀ ਗਈ ਹੈ। ਫਿਰ ਵੀ ਸੋਧੇ ਹੋਏ ਨਿਯਮਾਂ 'ਚ ਕਿਹਾ ਗਿਆ ਹੈ ਕਿ ਭਰਤੀ ਪ੍ਰਕਿਰਿਆ ਦੌਰਾਨ ਪੰਜਾਬ ਤੇ ਹਰਿਆਣਾ ਦੇ ਉਮੀਦਵਾਰਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ ਪਰ ਇਹ ਲਾਜ਼ਮੀ ਲੋੜ ਨਹੀਂ ਹੋਵੇਗੀ।
