ਨਰੇਗਾ ਸਕੀਮ ਤਹਿਤ ਜਾਅਲੀ ਫਾਰਮ ਭਰਵਾ ਕੇ ਪੈਸੇ ਠੱਗਣ ਵਾਲਾ ਕਾਬੂ
Thursday, Oct 25, 2018 - 01:06 AM (IST)

ਮੋਗਾ, (ਅਾਜ਼ਾਦ)- ਆਡ਼੍ਹਤੀ ਐਸੋਸੀਏਸ਼ਨ ਅਜੀਤਵਾਲ ਦੇ ਪ੍ਰਧਾਨ ਰਾਕੇਸ਼ ਕੁਮਾਰ ਕਿੱਟਾ ਨੇ ਦੱਸਿਆ ਕਿ ਅੱਜ ਇਕ ਨੌਜਵਾਨ ਲਡ਼ਕਾ ਬਸਤੀ ਮੱਘਰ ਸਿੰਘ ’ਚ ਗਰੀਬ ਦਲਿਤ ਪਰਿਵਾਰਾਂ ਤੋਂ ਨਰੇਗਾ ਸਕੀਮ ਤਹਿਤ ਜਿਨ੍ਹਾਂ ਦੇ ਕੱਚੇ ਘਰ ਹਨ ਪੱਕੇ ਕਰਨ ਲਈ ਆਈ ਸਕੀਮ ਸਬੰਧੀ ਜਾਅਲੀ ਫਾਰਮ ਭਰਵਾ ਕੇ ਪੈਸੇ ਵਸੂਲ ਕਰ ਰਿਹਾ ਸੀ । ਜਾਣਕਾਰੀ ਮਿਲਣ ’ਤੇ ਮੈਂ ਆਪਣੇ ਹੋਰਨਾਂ ਸਾਥੀਆਂ ਨਾਲ ਬਸਤੀ ਮੱਘਰ ਵਿਚ ਗਿਆ ਤਾਂ ਫਾਰਮ ਭਰਨ ਵਾਲੇ ਲਡ਼ਕੇ ਨਾਲ ਗੱਲਬਾਤ ਕੀਤੀ ਤਾਂ ਪੁੱਛਿਆ ਕਿ ਉਸ ਨੂੰ ਕਿਸੇ ਨੇ ਭੇਜਿਆ ਹੈ ਤੇ ਉਸ ਨੇ ਕਿਹਾ ਕਿ ਉਹ ਬੀ.ਡੀ.ਪੀ.ਓ. ਦਫਤਰ ਤੋਂ ਆਇਆ ਹੈ, ਜਿਸ ’ਤੇ ਉਸ ਨੂੰ ਸ਼ਨਾਖਤੀ ਕਾਰਡ ਦਿਖਾਉਣ ਦੇ ਇਲਾਵਾ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਉਹ ਘਬਰਾਅ ਗਿਆ, ਜਿਸ ’ਤੇ ਅਸੀਂ ਤੁਰੰਤ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਕਿੱਟਾ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਲੋਕਾਂ ਨੂੰ ਠੱਗਣ ਵਾਲੇ ਲੋਕਾਂ ਦਾ ਗਿਰੋਹ ਘੁੰਮ ਰਿਹਾ ਹੈ ਅਤੇ ਗਿਰੋਹ ਦੇ ਮੈਂਬਰਾਂ ਵੱਲੋਂ ਪਿੰਡ ਕਿਲੀ ਚਾਹਲਾਂ, ਕੋਕਰੀ ਕਲਾਂ, ਅਜੀਤਵਾਲ ਅਤੇ ਹੋਰ ਵੀ ਕਈ ਪਿੰਡਾਂ ਵਿਚ ਦਲਿਤ ਪਰਿਵਾਰਾਂ ਤੋਂ ਨਰੇਗਾ ਸਕੀਮ ਤਹਿਤ ਪੈਸਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਿਰੋਹ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ।। ਥਾਣਾ ਅਜੀਤਵਾਲ ਦੇ ਮੁਖੀ ਨੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਇਲਾਵਾ ਬੀ.ਡੀ.ਪੀ.ਓ. ਨੂੰ ਵੀ ਸੂਚਿਤ ਕੀਤਾ ਗਿਆ ਅਤੇ ਜਾਂਚ ਦੇ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।