ਪਿੰਡ ਦੁਆਰੇਆਣਾ ਦੇ ਦੋ ਨੌਜਵਾਨ ਯੂਕ੍ਰੇਨ ’ਚ ਫਸੇ, ਸੰਪਰਕ ਟੁੱਟਣ ਨਾਲ ਚਿੰਤਾ ’ਚ ਮਾਪੇ
Tuesday, Mar 01, 2022 - 02:55 PM (IST)
ਫਰੀਦਕੋਟ (ਦੁਸਾਂਝ) : ਪਿੰਡ ਦੁਆਰੇਆਣਾ ਦੇ 2 ਨੌਜਵਾਨ ਯੂਕ੍ਰੇਨ ਵਿਚ ਫਸੇ ਹੋਏ ਹਨ। ਇਨ੍ਹਾਂ ਵਿਚੋਂ ਇਕ ਨੌਜਵਾਨ ਸਰਬਜੋਤ ਸਿੰਘ ਦਾ ਪਿਛਲੇ 3 ਦਿਨਾਂ ਤੋਂ ਪਰਿਵਾਰ ਨਾਲ ਸੰਪਰਕ ਵੀ ਟੁੱਟ ਚੁੱਕਾ ਹੈ, ਜਿਸ ਕਾਰਨ ਪਰਿਵਾਰ ਹੀ ਨਹੀਂ ਬਲਕਿ ਪੂਰੇ ਪਿੰਡ ਦੇ ਲੋਕ ਚਿੰਤਤ ਹਨ। ਜਾਣਕਾਰੀ ਅਨੁਸਾਰ ਪਿੰਡ ਦੁਆਰੇਆਣਾ ਦੇ ਦੋ ਨੌਜਵਾਨ ਸਰਬਜੋਤ ਸਿੰਘ ਤੇ ਮਨਪ੍ਰੀਤ ਸਿੰਘ ਬੀਤੇ 3 ਸਾਲਾ ਤੋਂ ਪੜ੍ਹਾਈ ਲਈ ਯੂਕ੍ਰੇਨ ਗਏ ਹੋਏ ਹਨ, ਜੋ ਕਿ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੀ ਲੜਾਈ ਕਾਰਨ ਪੈਦਾ ਹੋਏ ਹਾਲਾਤਾਂ ਕਰ ਕੇ ਉੱਥੇ ਫਸ ਗਏ ਹਨ। ਹਾਲਾਤ ਖ਼ਰਾਬ ਹੋਣ ਦੇ ਬਾਵਜੂਦ ਦੋਵਾਂ ਨੌਜਵਾਨਾਂ ਵੱਲੋਂ ਪਰਿਵਾਰ ਨਾਲ ਹਰ ਰੋਜ਼ ਫੋਨ ’ਤੇ ਗੱਲਬਾਤ ਕੀਤੀ ਜਾ ਰਹੀ ਸੀ ਪਰ ਇਨ੍ਹਾਂ ਵਿਚੋਂ ਸਰਬਜੋਤ ਸਿੰਘ ਦਾ ਪਿਛਲੇ 3 ਦਿਨਾਂ ਤੋਂ ਪਰਿਵਾਰ ਨਾਲ ਸੰਪਰਕ ਟੁੱਟ ਚੁੱਕਾ ਹੈ, ਜਿਸ ਕਾਰਨ ਪਰਿਵਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ : ਪਿੰਡ ’ਚ ਰਿਕਵਰੀ ਕਰਨ ਗਏ ਬੈਂਕ ਅਧਿਕਾਰੀ ਨਾਲ ਕੁੱਟ-ਮਾਰ ; ਕੱਪੜੇ ਪਾੜੇ
ਸਰਬਜੀਤ ਸਿੰਘ ਦੇ ਪਿਤਾ ਸੁਖਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ। ਇਕ ਦਿਨ ਪਹਿਲੇ ਇਕ ਦੋਸਤ ਦਾ ਮੈਸੇਜ ਮਿਲਿਆ ਹੈ ਕਿ ਸਰਬਜੋਤ ਠੀਕ ਹੈ ਪਰ ਜਦੋਂ ਤੱਕ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਗੱਲ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦੇ ਮਨ ਨੂੰ ਚੈਨ ਨਹੀਂ ਮਿਲੇਗਾ। ਉਸਦੀ ਮਾਤਾ ਮਨਜੀਤ ਕੌਰ ਅਤੇ ਦਾਦੀ ਵੀ ਕੇਂਦਰ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਉਨ੍ਹਾਂ ਦੇ ਬੱਚਿਆਂ ਸਮੇਤ ਸਾਰੇ ਬੱਚਿਆਂ ਨੂੰ ਜਲਦ ਤੋਂ ਜਲਦ ਯੂਕ੍ਰੇਨ ਤੋਂ ਭਾਰਤ ਲਿਆ ਜਾਵੇ। ਪਿੰਡ ਦੁਆਰੇਆਣਾ ਦੇ ਸੰਰਪਚ ਹੈਪੀ ਸਿੰਘ ਨੇ ਕਿਹਾ ਕਿ ਦੋਵਾਂ ਨੌਜਵਾਨਾਂ ਬਾਰੇ ਡਿਪਟੀ ਕਮਿਸ਼ਨਰ ਦਫਤਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਜੋ ਵੀ ਦਸਤਾਵੇਜ਼ ਮੰਗੇ ਸੀ, ਉਹ ਵੀ ਉਪਲਬੱਧ ਕਰਵਾ ਦਿੱਤੇ ਹਨ। ਉੱਥੇ ਹੀ ਪਿੰਡ ਦੇ ਰਛਪਾਲ ਸਿੰਘ ਨੇ ਕਿਹਾ ਕਿ ਪਰਿਵਾਰ ਹੀ ਨਹੀਂ ਪੂਰੇ ਪਿੰਡ ਦੇ ਨੌਜਵਾਨ ਪ੍ਰੇਸ਼ਾਨ ਹਨ, ਸਰਕਾਰ ਨੂੰ ਉਨ੍ਹਾਂ ਦੀ ਵਾਪਸੀ ਲਈ ਠੇਸ ਕਦਮ ਚੁੱਕਣੇ ਚਾਹੀਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ