ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ਵਿਖੇ ਤੇਜ਼ ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਦਰਦਨਾਕ ਮੌਤ

Tuesday, Sep 23, 2025 - 09:44 PM (IST)

ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ਵਿਖੇ ਤੇਜ਼ ਕਰੰਟ ਲੱਗਣ ਨਾਲ ਟਰੱਕ ਚਾਲਕ ਦੀ ਦਰਦਨਾਕ ਮੌਤ

ਜਲਾਲਾਬਾਦ, (ਆਦਰਸ਼,ਜਤਿੰਦਰ)- ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ’ਤੇ ਸਥਿਤ ਜੀ.ਐਸ. ਟਰੇਡਿੰਗ ਕੰਪਨੀ ਵਿਖੇ ਬਾਰਦਾਨਾ ਛੱਡਣ ਲਈ ਆਏ ਟਰੱਕ ਚਾਲਕ ਦੀ ਹਾਈਵੋਲਟੇਜ਼ ਨੀਵੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਦਰਦਨਾਕ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।   

ਮ੍ਰਿਤਕ ਟਰੱਕ ਚਾਲਕ ਰੋਸ਼ਨ ਮੁਹੰਮਦ ਪੁੱਤਰ ਰੌਣਕੀ ਮੁਹੰਮਦ ਦੇ ਭਰਾ ਗੁਲਜਾਰ ਮੁਹੰਮਦ ਵਾਸੀ ਬਾਗਵਾਲਾ ਬੇਰਸਨ ਤਹਿਸੀਲ ਬੱਦੀ ਜ਼ਿਲ੍ਹਾਂ ਸੋਲਨ ਹਿਮਾਚਲ ਪ੍ਰਦੇਸ ਨੇ ਦੱਸਿਆ ਕਿ ਮੇਰਾ ਛੋਟਾ ਭਰਾ 21 ਸਤੰਬਰ ਨੂੰ ਆਪਣੇ ਟਰੱਕ ਨੰਬਰ ਐਚ.ਪੀ.12ਐਨ.-7810 ’ਤੇ ਨਾਲਾਗੜ ਤੋਂ ਬਾਰਦਾਨਾ ਲੋਡ ਕਰਕੇ ਜੀ.ਐਸ.ਟਰੇਡਿੰਗ ਕੰਪਨੀ ਟਿਵਾਣਾ ਮੌੜ ਜਲਾਲਾਬਾਦ ਵਿਖੇ ਖਾਲੀ ਕਰਨ ਲਈ 22 ਸਤੰਬਰ ਨੂੰ ਲਗਭਗ ਸਾਢੇ 5 ਵਜੇ ਪੁੱਜਾ ਅਤੇ ਉਸਦਾ ਮੈਨੂੰ ਫੋਨ ਆਇਆ ਕਿ ਮੈਂ ਸਹੀ ਸਲਾਮਤ ਜਲਾਲਾਬਾਦ ਪਹੁੰਚ ਗਿਆ ਹਾਂ ਅਤੇ ਕੁੱਝ ਦੇਂਰ ਬਾਅਦ ਉਨ੍ਹਾਂ ਨੂੰ ਦੁਕਾਨ ’ਤੇ ਲੇਬਰ ਕਰਦੇ ਵਿਅਕਤੀ ਦਾ ਫੋਨ ਆਇਆ ਕਿ ਟਰੱਕ ਤੋਂ ਤ੍ਰਿਪਾਲ ਉਤਰਾਨ ਸਮੇ ਤੁਹਾਡੇ ਭਰਾ ਨੂੰ ਤੇਜ਼ ਬਿਜਲੀ ਦਾ ਕਰੰਟ ਲੱਗ ਗਿਆ ਹੈ। 

ਉਸਨੂੰ ਇਲਾਜ ਲਈ ਜਲਾਲਬਾਦ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿਥੇ ਕਿ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾਂ ਨੂੰ ਲੈ ਕੇ ਮ੍ਰਿਤਕ ਦੇ ਭਰਾ ਨੇ ਜਲਾਲਾਬਾਦ ਇੰਡਸਟਰੀਆਂ ਦੇ ਏਰੀਆ ਦੇ ਬਿਜਲੀ ਮੁਲਾਜ਼ਮਾਂ ਨੂੰ ਨਵੀਆਂ ਤਾਰਾਂ ਲਈ ਜ਼ਿੰਮੇਵਾਰ ਠਹਿਰਾਉਂਦੇ ਅਣਗਹਿਲੀ ਦੇ ਕਾਰਨ ਮੌਤ ਦਾ ਕਾਰਨ ਦੱਸਿਆ ਹੈ। ਮ੍ਰਿਤਕ ਟਰੱਕ ਡਰਾਇਵਰ ਦੇ ਭਰਾ ਨੇ ਕਿਹਾ ਕਿ ਮੇਰੇ ਭਰਾ ਦਾ ਗੁਜ਼ਾਰਾ ਟਰੱਕ ਦੇ ਭਾੜੇ ਸਹਾਰੇ ਚੱਲਦਾ ਸੀ ਅਤੇ ਉਸ ਦੇ ਘਰ ’ਚ 2 ਬੇਟੇ 1 ਬੇਟੀ ਸਮੇਤ ਘਰਵਾਲੀ ਤੇ ਬੁੱਢੇ ਮਾਤਾ-ਪਿਤਾ ’ਤੇ ਦੁੱਖਾ ਦਾ ਪਹਾੜ ਟੁੱਟ ਚੁੱਕਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਪਾਸੋਂ ਮਾਲੀ ਮਦਦ ਦੀ ਮੰਗ ਕੀਤੀ ਹੈ। 

ਇਸ ਮੌਕੇ ਦੁਕਾਨ ਦੇ ਮਾਲਕ ਬੱਬਲੂ ਭਾਟਿਆ ਵਾਸੀ ਜਲਾਲਾਬਾਦ ਨੇ ਦੱਸਿਆ ਕਿ ਦੁਕਾਨ ਦੇ ਨਾਲੋਂ ਖਹਿ ਕੇ ਲੰਘਦੀਆਂ ਹਾਈਵੋਟੇਜ਼ ਤਾਰਾਂ ਨੀਵੀਆਂ ਹੋਣ ਕਾਰਨ ਉਨ੍ਹਾਂ ਨੂੰ ਉੱਚਾ ਕਰਨ ਦੇ ਲਈ ਕੰਪਲੇਟ ਦਰਜ ਕਰਵਾਈ ਗਈ ਹੈ ਪਰ ਵਿਭਾਗ ਦੇ ਵੱਲੋਂ ਇਸ ਮਾਮਲੇ ਨੂੰ ਸੰਜੀਦਗੀ ਦੇ ਨਾਲ ਨਹੀਂ ਲਿਆ ਗਿਆ ਜੋ ਕਿ ਇੱਕ ਮਨੁੱਖੀ ਮੌਤ ਦਾ ਕਾਰਨ ਬਣ ਗਿਆ। ਦੁਕਾਨਦਾਰ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜਮਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ ਜਲਾਲਾਬਾਦ ਦੇ ਜਾਂਚ ਅਧਿਕਾਰੀ ਸਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਮ੍ਰਿਤਕ ਟਰੱਕ ਡਰਾਇਵਰ ਰੋਸ਼ਨ ਮੁਹੰਮਦ ਪੁੱਤਰ ਰੌਣਕੀ ਮੁਹੰਮਦ ਦੇ ਭਰਾ ਗੁਲਜ਼ਾਰ ਮੁਹੰਮਦ ਦੇ ਬਿਆਨਾਂ ’ਤੇ ਪੁਲਸ ਵੱਲੋਂ  ਕਾਨੂੰਨੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟ ਕਰਵਾ ਕੇ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। 
 
ਬਿਜਲੀ ਮੁਲਾਜ਼ਮਾ ਦੀ ਅਣਗਹਿਲੀ ਦੇ ਕਾਰਨ ਟਰੱਕ ਡਰਾਇਵਰ ਦੀ ਹੋਈ ਮੌਤ ਮਾਮਲੇ ਸਬੰਧੀ ਜਲਾਲਾਬਾਦ ਪਾਵਰਕਾਮ ਦੇ ਸੀਨੀਅਰ ਐਕਸੀਅਨ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਮੀਡੀਆ ਦੌਰਾਨ ਟਰੱਕ ਡਰਾਇਵਰ ਦੀ ਮੌਤ ਹੋਣ ਦਾ ਮਾਮਲਾ ਮੇਰੇ ਧਿਆਨ ’ਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਜਾਂਚ ਕੀਤੀ ਜਾਵੇਗੀ ਜੇਕਰ ਇਸ ਮਾਮਲੇ ’ਚ ਮੁਲਾਜ਼ਮਾਂ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Rakesh

Content Editor

Related News