ਨੌਜਵਾਨ ਦੀ ਮਸਕਟ ’ਚ ਦਰਦਨਾਕ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੀਤੀ ਮਦਦ ਦੀ ਅਪੀਲ
Sunday, Sep 14, 2025 - 09:26 PM (IST)

ਜਲਾਲਾਬਾਦ (ਆਦਰਸ਼,ਜਤਿੰਦਰ)- ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਚੱਕ ਜੰਡਵਾਲਾ ਉਰਫ ਮੌਲਵੀ ਵਾਲਾ ਦਾ 28 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮਸਕਟ ਦੇ ਵਿੱਚ ਦਰਦਨਾਕ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁੱਖ ਭਰੀ ਘਟਨਾਂ ਦੀ ਖ਼ਬਰ ਪਿੰਡ ’ਚ ਫੈਲਣ ਤੇ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਉਰਫ ਬੱਬੂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਉਹ ਆਪਣੇ ਪਿੱਛੇ ਵਿਧਵਾ ਮਾਂ ,ਪਤਨੀ ਅਤੇ ਦੋ ਸਾਲ ਦੀ ਬੱਚੀ ਨੂੰ ਛੱਡ ਗਿਆ ਹੈ। ਪਰਿਵਾਰਿਕ ਮੈਂਬਰਾਂ ਮੁਤਾਬਿਕ ਉਹ ਪੰਜ ਸਾਲ ਦਾ ਸੀ ਜਦ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਦੀ ਮਾਂ ਵੱਲੋਂ ਬੜੀ ਘਾਲਨਾ ਘਾਲ ਕੇ ਉਸ ਦਾ ਪਾਲਣ ਪੋਸ਼ਣ ਕੀਤਾ ਗਿਆ। ਅੱਜ ਜਦੋਂ ਉਹ ਰੋਜੀ ਰੋਟੀ ਦੇ ਲਈ ਵਿਦੇਸ਼ ਦੇ ਵਿੱਚ ਗਿਆ ਹੋਇਆ ਸੀ ਤਾਂ ਉਥੋਂ ਅਣਹੋਣੀ ਵਾਪਰ ਗਈ ਇਸ ਘਟਨਾਂ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਮ੍ਰਿਤਕ ਕੁਲਦੀਪ ਸਿੰਘ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਹ ਜਦੋਂ ਮਸਕਟ ਦੇ ਵਿੱਚ ਕੰਮ ਲਈ ਗਿਆ ਸੀ ਤਾਂ ਉਸ ਦੀ ਬੇਟੀ ਅੰਮ੍ਰਿਤ ਮਹਿਜ 15 ਦਿਨ ਦੀ ਸੀ। ਹੁਣ ਉਸ ਦੀ ਬੇਟੀ ਦੋ ਸਾਲ ਦੀ ਹੋਣ ਵਾਲੀ ਸੀ ਜਿਸ ਨੂੰ ਲੈ ਕੇ ਉਹ ਆਪਣੀ ਬੇਟੀ ਨੂੰ ਮਿਲਣ ਲਈ ਬਹੁਤ ਆਸਵੰਦ ਸੀ ਤੇ ਅਕਸਰ ਪਰਿਵਾਰ ਦੇ ਨਾਲ ਜਦ ਗੱਲ ਹੁੰਦੀ ਤਾਂ ਉਸਨੇ ਕਿਹਾ ਕਿ ਉਸ ਨੂੰ ਕੰਮ ਦੀ ਪੇਮੈਂਟ ਮਿਲਣ ਵਾਲੀ ਹੈ ਅਤੇ ਉਹ ਜਲਦ ਹੀ ਆਪਣੀ ਬੇਟੀ ਕੋਲ ਮਿਲਣ ਲਈ ਘਰ ਆਵੇਗਾ। ਪਰਿਵਾਰ ਵਲੋਂ ਉਸ ਦੀ ਉਡੀਕ ਕੀਤੀ ਜਾ ਰਹੀ ਸੀ। ਮ੍ਰਿਤਕ ਕੁਲਦੀਪ ਸਿੰਘ ਦੀ ਮਾਤਾ ਪ੍ਰਕਾਸ਼ ਕੌਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਹ ਕਹਿੰਦੀ ਹੈ ਕਿ ਉਸ ਦੇ ਪਰਿਵਾਰ ਵਿੱਚ ਹੁਣ ਕਮਾਉਣ ਵਾਲਾ ਕੋਈ ਵੀ ਨਹੀਂ ਰਿਹਾ। ਮ੍ਰਿਤਕ ਦੀ ਪਤਨੀ ਮਨਜਿੰਦਰ ਕੌਰ ਦਾ ਰੋ ਰੋ ਬਹੁਤ ਬੁਰਾ ਹਾਲ ਹੈ ਉਸ ਦੀ ਬੇਟੀ ਆਪਣੇ ਪਾਪਾ ਦੀ ਤਸਵੀਰ ਵੱਲ ਵੇਖਦੀ ਹੈ ਤੇ ਪਾਪਾ- ਪਾਪਾ ਜਦ ਕਰਦੀ ਹੈ ਤਾਂ ਇਹ ਮੰਜ਼ਰ ਵੱਡੇ ਵੱਡੇ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੰਦਾ ਹੈ। ਪਰਿਵਾਰ ਕੋਲ ਡੈਡ ਬਾਡੀ ਨੂੰ ਇਧਰ ਲਿਆਉਣ ਦੇ ਲਈ ਵੀ ਪੈਸੇ ਨਹੀਂ ਹਨ ਅਤੇ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਅਤੇ ਸਰਕਾਰ ਕੋਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੇ ਲਈ ਮਦਦ ਦੀ ਮੰਗ ਕੀਤੀ ਹੈ।