ਟਰੱਕ ’ਚ ਅਮੋਨੀਆ ਗੈਸ ਦੀ ਲੀਕੇਜ ’ਤੇ 4 ਫਾਇਰ ਟੈਂਕਰਾਂ ਨੇ ਪਾਇਅਾ ਕਾਬੂ
Tuesday, Dec 25, 2018 - 03:03 AM (IST)
ਬਠਿੰਡਾ, (ਵਰਮਾ)- ਜ਼ਿਲਾ ਪ੍ਰਸ਼ਾਸਨ ਅਤੇ ਲੇਬਰ ਕਮਿਸ਼ਨਰ ਪੰਜਾਬ ਦੀ ਅਗਵਾਈ ਹੇਠ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਬਠਿੰਡਾ ਵਿਖੇ ਅੱਜ ਆਫ ਸਾਈਟ ਮੌਕ ਡਰਿੱਲ ਕਰਵਾਈ ਗਈ, ਜਿਸ ਤਹਿਤ ਇਕ ਟਰੱਕ ’ਚੋਂ ਅਮੋਨੀਆ ਗੈਸ ਦੀ ਲੀਕੇਜ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ 4 ਫਾਇਰ ਟੈਂਕਰਾਂ ਦੀ ਮਦਦ ਨਾਲ ਕਾਬੂ ਪਾਇਆ। ਇਸ ਮੌਕ ਡਰਿੱਲ ਦਾ ਮੁੱਖ ਮਕਸਦ ਰਸਤੇ ਵਿਚ ਹੋਣ ਵਾਲੀ ਅਮੋਨੀਆ ਗੈਸ ਲੀਕੇਜ ਨੂੰ ਰੋਕਣਾ ਅਤੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੀਕੇਜ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਯੋਗ ਉਪਰਾਲਿਅਾਂ ਬਾਰੇ ਜਾਣੂ ਕਰਵਾਉਣਾ ਸੀ। ਇਸ ਮੌਕ ਡਰਿੱਲ ’ਚ ‘ਕੈਮੀਕਲ ਪ੍ਰੋਟੈਕਟਡ ਸੂਟ’, ‘ਕਲੋਰੀਨ ਸੂਟ’ ਪਹਿਨ ਕੇ ਮੁਲਾਜ਼ਮਾਂ ਵੱਲੋਂ ਲੀਕ ਹੋ ਰਹੇ ਕਾਲਪਨਿਕ ਅਮੋਨੀਆ ਗੈਸ ਟੈਂਕਰ ਦੇ ਢੱਕਣ ਨੂੰ ਸਫਲਤਾਪੂਰਵਕ ਬੰਦ ਕੀਤਾ ਗਿਆ। ਇਸ ਦੌਰਾਨ 5 ਵਿਅਕਤੀਆਂ (ਜੋ ਅਮੋਨੀਆ ਗੈਸ ਦੀ ਲਪੇਟ ਵਿਚ ਆਉਣ ਕਾਰਨ ਬੇਹੋਸ਼ ਹੋ ਗਏ ਸਨ) ਨੂੰ ਮਰੀਜ਼ ਦੇ ਰੂਪ ਵਿਚ ਪੇਸ਼ ਕਰਦੇ ਹੋਏ ਐਂਬੂਲੈਂਸਾਂ ਰਾਹੀਂ ਫਸਟ-ਏਡ ਦੇਣ ਉਪਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਗੋਇਲ ਨੇ ਦੱਸਿਆ ਕਿ ਜਿਸ ਸਡ਼ਕ ਉੱਪਰ ਟਰੱਕ ’ਚੋਂ ਗੈਸ ਦੀ ਲੀਕੇਜ ਹੋਈ, ਉਸ ਨੂੰ ਸਭ ਤੋਂ ਪਹਿਲਾਂ ਦੋਹਾਂ ਪਾਸਿਆਂ ਤੋਂ ਬੰਦ ਕੀਤਾ ਗਿਆ। ਉਪਰੰਤ ਡਰਾਈਵਰ ਵੱਲੋਂ 5 ਵੱਖ-ਵੱਖ ਏਜੰਸੀਆਂ ਅਤੇ ਬਚਾਅ ਦਲਾਂ ਨੂੰ ਟੈਲੀਫੋਨ ਰਾਹੀਂ ਜਾਣਕਾਰੀ ਦਿੱਤੀ ਗਈ ਅਤੇ ਸਮੂਹ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਤੁਰੰਤ ਹਰਕਤ ਵਿਚ ਆ ਗਏ। ਮੌਕ ਡਰਿੱਲ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ ਨੇ ਦੱਸਿਆ ਕਿ ਅੱਜ ਦੀ ਇਹ ਮੌਕ ਡਰਿੱਲ ਸਫ਼ਲ ਸਾਬਤ ਹੋਈ ਹੈ ਕਿਉਂਕਿ ਸਾਰੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸਮੇਂ-ਸਿਰ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਐੱਨ. ਐੱਫ. ਐੱਲ. ਵਿਖੇ ਯੂਰੀਆ ਬਣਾਇਆ ਜਾਂਦਾ ਹੈ ਅਤੇ ਇਥੋਂ ਅਮੋਨੀਆ ਗੈਸ ਨੂੰ ਨੰਗਲ ਪਲਾਂਟ ਵਿਖੇ ਵੀ ਭੇਜਿਆ ਜਾਂਦਾ ਹੈ। ਇਸ ਦੌਰਾਨ ਡਰਿੱਲ ’ਚ 6 ਐਂਬੂਲੈਂਸਾਂ ਤੋਂ ਇਲਾਵਾ ਤਕਰੀਬਨ 2 ਦਰਜਨ ਫਾਇਰ ਬ੍ਰਿਗੇਡ ਦੇ ਮੁਲਾਜ਼ਮ, ਐੱਸ. ਡੀ. ਐੱਮ. ਬਠਿੰਡਾ ਅਮਰਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਕਰਨਸ਼ੇਰ ਸਿੰਘ, ਸੀ. ਆਈ. ਐੱਸ. ਐੱਫ., ਐੱਨ. ਐੱਫ. ਐੱਲ., ਬੀ. ਪੀ. ਸੀ. ਐੱਲ. ਦੇ ਉੱਚ ਅਧਿਕਾਰੀ ਅਤੇ ਇੰਡੀਅਨ ਆਇਲ ਦੇ ਅਧਿਕਾਰੀ ਵੀ ਮੌਜੂਦ ਸਨ।
