ਟਰਾਂਸਪੋਰਟ ਮਾਫੀਆ ਦੇ ਕਾਲੇ ਧਨ ਨਾਲ ਪਾਰਟੀ ਚਲਾ ਰਹੇ ਸੁਖਬੀਰ : ਭਗਵੰਤ ਮਾਨ

03/20/2019 11:59:41 PM

ਚੰਡੀਗੜ੍ਹ,(ਰਮਨਜੀਤ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਸੂਬੇ 'ਚ ਟਰਾਂਸਪੋਰਟ ਮਾਫ਼ੀਆ ਚਲਾਉਣ ਦਾ ਇਲਜ਼ਾਮ ਲਗਾਉਂਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸੁਖਬੀਰ ਟਰਾਂਸਪੋਰਟ ਮਾਫ਼ੀਆ ਦੀ ਕਾਲੀ ਕਮਾਈ ਦੀ ਵਰਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ ਲਈ ਕਰ ਰਹੇ ਹਨ। 'ਆਪ' ਵਲੋਂ ਜਾਰੀ ਬਿਆਨ 'ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਅਕਾਲੀ ਅਤੇ ਮੌਜੂਦਾ ਕਾਂਗਰਸ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਖ਼ਜ਼ਾਨੇ ਨੂੰ ਚੂਨਾ ਲਗਾ ਕੇ ਅਰਬਾਂ ਰੁਪਏ ਕਮਾਏ ਹਨ। ਮਾਨ ਨੇ ਕਿਹਾ ਕਿ ਆਰ. ਟੀ. ਆਈ. ਦੀ ਜਾਣਕਾਰੀ ਮੁਤਾਬਕ ਅਕਾਲੀ ਦਲ ਨੂੰ ਪ੍ਰਾਪਤ ਹੋਏ ਕੁੱਲ ਚੰਦੇ 'ਚੋਂ ਕਰੀਬ 80 ਪ੍ਰਤੀਸ਼ਤ ਹਿੱਸਾ ਟਰਾਂਸਪੋਰਟ ਤੋਂ ਆਇਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਮਾਲਕੀ ਵਾਲੇ ਆਰਬਿਟ ਅਤੇ ਡੱਬਵਾਲੀ ਟਰਾਂਸਪੋਰਟ ਨੇ ਅਕਾਲੀ ਦਲ ਨੂੰ ਕਰੀਬ 1.80 ਕਰੋੜ ਦਾ ਚੰਦਾ ਦਿੱਤਾ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਨੂੰ ਦਿੱਤਾ ਗਿਆ ਧਨ ਅਸਲ 'ਚ ਟਰਾਂਸਪੋਰਟ ਮਾਫ਼ੀਆ ਵਲੋਂ ਕੀਤਾ ਗਿਆ ਨਿਵੇਸ਼ ਹੈ, ਜੋ ਕਿ ਸੱਤਾ ਦੌਰਾਨ ਅਕਾਲੀ ਦਲ ਨੇ ਪਹਿਲਾਂ ਦਿੱਤਾ ਹੈ ਅਤੇ ਭਵਿੱਖ 'ਚ ਵੀ ਮੋੜੇਗਾ। ਮਾਨ ਨੇ ਕਿਹਾ ਕਿ ਸੂਬੇ ਦੀ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰ ਕੇ ਬਾਦਲਾਂ ਨੇ ਸਾਰਾ ਵਪਾਰ ਖ਼ੁਦ ਹਥਿਆ ਲਿਆ ਹੈ। ਜਿਸ ਨਾਲ ਸਰਕਾਰੀ ਖ਼ਜ਼ਾਨੇ 'ਤੇ ਭਾਰੀ ਬੋਝ ਪਿਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਰਬਿਟ ਅਤੇ ਡੱਬਵਾਲੀ ਟਰਾਂਸਪੋਰਟ ਤੋਂ ਬਿਨਾ ਹੋਰ ਵੀ ਕਈ ਬੇਨਾਮੀ ਟਰਾਂਸਪੋਰਟ ਬਣਾ ਕੇ ਸੂਬੇ ਨੂੰ ਲੁੱਟ ਰਹੇ ਹਨ। 'ਆਪ' ਵਿਧਾਇਕ ਅਤੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਸੰਧੋਆ ਨੇ ਕਿਹਾ ਕਿ ਸੂਬੇ 'ਚ ਬਾਦਲਾਂ ਦੇ ਟਰਾਂਸਪੋਰਟ ਮਾਫ਼ੀਆ ਨੇ ਕੈਪਟਨ ਅਮਰਿੰਦਰ ਸਿੰਘ ਸ਼ਹਿ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਾਦਲਾਂ ਦੇ ਬੇਨਾਮੀ ਟਰਾਂਸਪੋਰਟ ਵਪਾਰ 'ਤੇ ਕਾਰਵਾਈ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਹੁਣ ਅੱਖਾਂ ਮਿਚੀ ਬੈਠੇ ਹਨ। ਸੰਧੋਆ ਨੇ ਕਿਹਾ ਕਿ ਬਾਦਲਾਂ ਨੇ 
ਸੂਬੇ 'ਚ ਹਰ ਰੂਟ 'ਤੇ ਸਮੇਂ 'ਚ ਧਾਂਦਲੀਆਂ ਕਰਕੇ ਆਪਣੀਆਂ ਬੱਸਾਂ ਰਾਹੀਂ ਕਬਜ਼ਾ ਕਰ ਲਿਆ ਹੈ।


Deepak Kumar

Content Editor

Related News