ਨਾਜਾਇਜ਼ ਕਬਜ਼ੇ ਹਟਾਉਣ ਲਈ ਟਰੈਫਿਕ ਪੁਲਸ ਨੇ ਕੱਢਿਆ ਫਲੈਗ ਮਾਰਚ

Thursday, Nov 29, 2018 - 04:03 AM (IST)

ਨਾਜਾਇਜ਼ ਕਬਜ਼ੇ ਹਟਾਉਣ ਲਈ ਟਰੈਫਿਕ ਪੁਲਸ ਨੇ ਕੱਢਿਆ ਫਲੈਗ ਮਾਰਚ

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ, ਦਰਦੀ)- ਜ਼ਿਲਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਅਤੇ ਡੀ. ਐੱਸ. ਪੀ. ਤਲਵਿੰਦਰ ਸਿੰਘ ਗਿੱਲ ਦੇ  ਨਿਰਦੇਸ਼ਾਂ ’ਤੇ ਸਿਟੀ ਟਰੈਫ਼ਿਕ ਪੁਲਸ ਵੱਲੋਂ ਟਰੈਫਿਕ ਮਾਰਸ਼ਲ ਦੇ ਸਹਿਯੋਗ ਨਾਲ ਸ਼ਹਿਰ ’ਚ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਮੱਸਿਆ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਇਹ ਮਾਰਚ ਸਦਰ ਬਾਜ਼ਾਰ, ਬੈਂਕ ਰੋਡ, ਘਾਹ ਮੰਡੀ, ਮਸੀਤ ਵਾਲਾ ਚੌਕ ਤੋਂ ਹੁੰਦਾ ਥਾਣਾ ਸਿਟੀ ਆ ਕੇ ਸਮਾਪਤ ਹੋਇਆ। 
ਇਸ ਮਾਰਚ ਵਿਚ ਸਿਟੀ ਟਰੈਫਿਕ ਇੰਚਾਰਜ ਸਤੀਸ਼ ਕੁਮਾਰ, ਏ. ਐੱਸ. ਆਈ. ਜਰਨੈਲ ਸਿੰਘ, ਏ. ਐੱਸ. ਆਈ ਜੋਗਿੰਦਰ ਸਿੰਘ, ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬਡ਼ਾ, ਸੀਨੀਅਰ ਮੈਂਬਰ ਰਾਜ ਕੁਮਾਰ ਭਠੇਜਾ ਆਦਿ ਸ਼ਾਮਲ ਸਨ। ਇਸ ਸਮੇਂ ਅਧਿਕਾਰੀਆਂ ਨੇ ਲੋਕਾਂ ਕੋਲ ਜਾ ਕੇ ਅਪੀਲ ਕੀਤੀ ਕਿ ਉਹ ਸਡ਼ਕਾਂ ’ਤੇ ਨਾਜਾਇਜ਼ ਕਬਜ਼ੇ ਨਾ ਕਰਨ ਅਤੇ ਆਪਣੇ ਵਾਹਨ ਗਲਤ ਤਰੀਕੇ ਨਾਲ ਸਡ਼ਕਾਂ ਉੱਪਰ ਨਾ ਖਡ਼੍ਹੇ ਕਰਨ ਤਾਂ ਜੋ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।  ਇਸ ਦੌਰਾਨ ਸਿਟੀ ਟਰੈਫਿਕ ਇੰਚਾਰਜ ਸਤੀਸ਼ ਕੁਮਾਰ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਸਡ਼ਕ ’ਤੇ ਲੰਘਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ, ਜੇਕਰ ਸਡ਼ਕ ’ਤੇ ਕਿਸੇ ਵੀ ਵਿਅਕਤੀ ਨੇ ਨਾਜਾਇਜ਼ ਕਬਜ਼ਾ ਕੀਤਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਡ਼ਕਾਂ ਲੋਕਾਂ ਦੇ ਲੰਘਣ ਲਈ ਬਣਾਈਆਂ ਗਈਆਂ ਹਨ, ਨਾ ਕਿ ਨਾਜਾਇਜ਼ ਕਬਜ਼ੇ ਕਰਨ ਲਈ। 
ਉਨ੍ਹਾਂ  ਕਿਹਾ ਕਿ ਅੱਜ ਅਸੀਂ ਫਲੈਗ ਮਾਰਚ ਦੌਰਾਨ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਦੁਕਾਨਦਾਰ ਆਪਣਾ ਸਾਮਾਨ ਸਡ਼ਕ ’ਤੇ ਰੱਖਣ ਦੀ ਬਜਾਏ ਦੁਕਾਨ ’ਚ ਰੱਖਣ ਅਤੇ ਜਲਦ ਹੀ ਇਕ ਹੋਰ ਫਲੈਗ ਮਾਰਚ ਕੱਢਿਆ ਜਾਵੇਗਾ ਅਤੇ  ਜੇਕਰ ਕਿਸੇ ਨੇ ਸਡ਼ਕ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੇ ਗਲਤ ਤਰੀਕੇ ਨਾਲ ਆਪਣਾ ਵਾਹਨ ਸਡ਼ਕ ’ਤੇ ਖਡ਼੍ਹਾ ਕੀਤਾ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ। 


Related News