ਮਾਲੇਰਕੋਟਲਾ ਵਿਖੇ ਟ੍ਰੈਫਿਕ ਜਾਮਾਂ ਕਾਰਨ ਬੁਰਾ ਹਾਲ

Monday, Dec 03, 2018 - 01:13 AM (IST)

ਮਾਲੇਰਕੋਟਲਾ ਵਿਖੇ ਟ੍ਰੈਫਿਕ ਜਾਮਾਂ ਕਾਰਨ ਬੁਰਾ ਹਾਲ

ਮਾਲੇਰਕੋਟਲਾ, (ਯਾਸੀਨ)- ਨਵਾਬੀ ਸ਼ਹਿਰ ਮਾਲੇਰਕੋਟਲਾ ਵਿਖੇ ਟ੍ਰੈਫਿਕ ਸਮੱਸਿਆ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ। ਸ਼ਹਿਰ ਦੇ ਬਾਜ਼ਾਰਾਂ ’ਚ ਗਲਤ ਪਾਰਕਿੰਗ ਕਾਰਨ ਜਿੱਥੇ ਲੰਮੇ ਜਾਮ ਵੇਖਣ ’ਚ ਆਉਂਦੇ ਹਨ, ਉੱਥੇ ਹੀ ਸਕੂਲਾਂ ਦੀ ਛੁੱਟੀ ਦੇ ਸਮੇਂ ਰੋਜ਼ਾਨਾ ਲੱਗਦੇ ਜਾਮਾਂ ਕਾਰਨ ਆਮ ਜਨਤਾ ਪ੍ਰੇਸ਼ਾਨ ਹੋ ਚੁੱਕੀ ਹੈ। ਦਿੱਲੀ ਗੇਟ ਵਿਖੇ ਮੌਜੂਦ ਬੈਂਕਾਂ ਅਤੇ ਉਰਦੂ ਅਕੈਡਮੀ ਦੇ ਅੱਗੇ ਪਾਰਕਿੰਗ ਬੇਢੰਗੀ ਹੋਣ ਕਾਰਨ ਆਮ ਜਨਤਾ ਨੂੰ ਮੁਸ਼ਕਲਾਂ  ਅਾ ਰਹੀਆਂ ਹਨ। ਇਸੇ ਕਡ਼ੀ ਤਹਿਤ ਸਥਾਨਕ ਸਰਹੰਦੀ ਗੇਟ, ਪਿੱਪਲ ਵਾਲਾ ਚੌਕ, ਲੋਹਾ ਬਾਜ਼ਾਰ ਜਿੱਥੇ ਟਰਾਂਸਪੋਰਟਾਂ ਦੀ ਮੌਜੂਦਗੀ ਕਾਰਨ ਲੱਗੇ ਜਾਮਾਂ ’ਚ ਆਮ ਜਨਤਾ ਹੀ ਨਹੀਂ ਬਲਕਿ ਸਕੂਲੀ ਬੱਚੇ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ । ਕਈ ਸਥਾਨਾਂ ’ਤੇ ਪ੍ਰਸ਼ਾਸਨ ਵੱਲੋਂ ਬੋਰਡ ਲਾਏ ਹੋਏ ਹਨ ਕਿ ਸਵੇਰੇ 8 ਤੋਂ ਸ਼ਾਮ 7 ਵਜੇ ਤੱਕ ਸ਼ਹਿਰ ਅੰਦਰ ਭਾਰੀ ਟ੍ਰੈਫਿਕ ਦੀ ਮਨਾਹੀ ਹੈ  ਪਰ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਵੱਡੀਆਂ ਗੱਡੀਆਂ ਅਤੇ ਭਾਰੀ ਵਾਹਨ ਸ਼ਹਿਰ ਵਿਚ ਬਿਨਾਂ ਕਿਸੇ ਰੋਕ ਟੋਕ ਤੋਂ ਘੁੰਮਦੇ ਫਿਰਦੇ ਹਨ, ਜਿਸ ’ਤੇ ਪ੍ਰਸ਼ਾਸਨਿਕ ਕਾਰਵਾਈ ਦੀ ਤੁਰੰਤ ਲੋਡ਼ ਹੈ। ਇਸ ਸਬੰਧੀ ਸਮਾਜ ਸੇਵੀ ਵਸੀਮ ਸ਼ੇਖ ਨੇ ਕਿਹਾ ਕਿ ਟ੍ਰੈਫਿਕ ਪੁਲਸ ਮਾਲੇਰਕੋਟਲਾ ਟ੍ਰੈਫਿਕ ਨੂੰ ਕੰਟਰੋਲ ਕਰਨ ਵਿਚ ਨਾਕਾਮ ਸਿੱਧ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਟ੍ਰੈਫਿਕ ਇੰਚਾਰਜ ਮਾਲੇਰਕੋਟਲਾ ਦੀ ਤੁਰੰਤ ਬਦਲੀ ਕੀਤੀ ਜਾਵੇ। ਇਸ ਸਬੰਧੀ ਜਦੋਂ ਟ੍ਰੈਫਿਕ ਇੰਚਾਰਜ ਮਾਲੇਰਕੋਟਲਾ ਕਰਨਜੀਤ ਜੇਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਵਾਹਨਾਂ ਦੀ ਬਹੁਤਾਂਤ ਕਰਕੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ। 


Related News