ਨਕਲੀ ਦੁੱਧ ਬਣਾਉਣ ’ਚ ਇਸਤੇਮਾਲ ਕੀਤੇ ਜਾ ਰਹੇ ਲੱਖਾਂ ਦੇ ਮਾਲ ਨੂੰ ਕੀਤਾ ਸੀਲ

05/23/2019 2:40:30 AM

ਫਿਰੋਜ਼ਪੁਰ, (ਕੁਮਾਰ)– ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਸਿਹਤ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਗੁਪਤ ਸੂਚਨਾ ਮਿਲਣ ’ਤੇ ਸ਼ਹਿਰ ਦੇ ਇਕ ਜਨਰਲ ਸਟੋਰ ’ਚ ਨਕਲੀ ਦੁੱਧ ਬਣਾਉਣ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ ਦਾ ਭੰਡਾਰ ਸੀਲ ਕੀਤਾ ਹੈ ਅਤੇ ਇਨ੍ਹਾਂ 10 ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਦੇ ਸੈਂਪਲ ਲੈ ਕੇ ਲੈਬਾਰਟਰੀ ’ਚ ਭੇਜੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਅਧਿਕਾਰੀ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਇਕ ਜਨਰਲ ਸਟੋਰ ਵੱਲੋਂ ਨਕਲੀ ਦੁੱਧ ਬਣਾਉਣ ’ਚ ਵਰਤੀ ਜਾ ਰਹੀ ਸਮੱਗਰੀ ਵੇਚੀ ਜਾ ਰਹੀ ਹੈ ਅਤੇ ਕਰਿਆਨਾ ਸਟੋਰ ਦੇ ਗੋਦਾਮ ਵਿਚ ਇਹ ਪ੍ਰੋਡਕਟਸ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਤੁਰੰਤ ਰੇਡ ਕਰਦਿਆਂ ਸਿਹਤ ਵਿਭਾਗ ਵੱਲੋਂ ਵੱਖ-ਵੱਖ ਕੰਪਨੀਆਂ ਦੇ 10 ਪ੍ਰੋਡਕਟਸ ਦੇ ਸੈਂਪਲ ਲੈ ਕੇ ਮਾਲ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਂਪਲ ਫੇਲ ਆਉਣ ’ਤੇ ਸਟੋਰ ਦੇ ਮਾਲਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਨੂੰ ਜਨਤਾ ਦੀ ਸਿਹਤ ਨਾਲ ਖਿਲਵਾਡ਼ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਲ ਕੀਤੇ ਗਏ ਮਾਲ ਦੀ ਕੀਮਤ ਕਰੀਬ 8 ਤੋਂ 9 ਲੱਖ ਰੁਪਏ ਹੈ।


Bharat Thapa

Content Editor

Related News