ਹਜ਼ਾਰਾਂ ਮੁਲਾਜ਼ਮਾਂ ਵੱਲੋਂ ਪਟਿਆਲਾ ਦੇ ਪਾਵਰਕਾਮ ਦੇ ਮੁੱਖ ਦਫ਼ਤਰ ਮੂਹਰੇ ਰੋਸ ਮਾਰਚ
Thursday, Mar 04, 2021 - 02:58 AM (IST)

ਪਟਿਆਲਾ, (ਮਨਦੀਪ ਜੋਸਨ)- ਪੰਜਾਬ ਦੇ ਕੌਨੇ-ਕੌਨੇ ਤੋਂ ਪਹੁੰਚੇ ਹਜ਼ਾਰਾਂ ਮੁਲਾਜ਼ਮਾਂ ਨੇ ਅੱਜ ਪਟਿਆਲਾ ਦੇ ਪਾਵਰਕਾਮ ਦੇ ਮੁੱਖ ਦਫ਼ਤਰ ਮੂਹਰੇ ਵਿਸ਼ਾਲ ਰੋਸ ਧਰਨਾ ਦੇਣ ਤੋਂ ਬਾਅਦ ਮੋਤੀ ਮਹਿਲ ਤੱਕ ਰੋਸ ਮਾਰਚ ਕਰ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪਾਵਰਕਾਮ ਦਾ ਮੁੱਖ ਦਫ਼ਤਰ ਕਈ ਘੰਟੇ ਬੰਦ ਰਿਹਾ। ਇਸ ਮੌਕੇ ਮੁਲਾਜ਼ਮ ਨੇਤਾ ਕੁਲਦੀਪ ਸਿੰਘ ਖੰਨਾ, ਅਵਿਨਾਸ਼ ਚੰਦਰ ਸ਼ਰਮਾ, ਪਰਮਜੀਤ ਸਿੰਘ ਦਸੂਹਾ, ਪ੍ਰਮੋਦ ਕੁਮਾਰ ਕਨਵੀਨਰਜ਼ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਮੰਗਾਂ ਨਾ ਮੰਨਣ ਦੀ ਭਰਪੂਰ ਨਿੰਦਾ ਕੀਤੀ ਗਈ। ਸੰਘਰਸ਼ ਕਮੇਟੀ ’ਚੋਂ ਬਾਹਰ ਰਹਿ ਗਈਆਂ ਜਥੇਬੰਦੀਆਂ ਨੂੰ ਇਸ ਕਮੇਟੀ ’ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ।
ਇਸ ਦੌਰਾਨ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ’ਚ ਤਬਦੀਲੀ ਕਰਨ, ਕਿਸਾਨ ਵਿਰੋਧੀ ਬਿੱਲ, ਖਰੜਾ ਬਿਜਲੀ ਸੋਧ ਬਿੱਲ-2020 ਦੀ ਨਿਖੇਧੀ ਕਰਦੇ ਹੋਏ ਇਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਧਰਨਾਕਾਰੀਆਂ ਨੇ ਮੋਤੀ ਮਹਿਲ ਵੱਲ ਰੋਸ ਮਾਰਚ ਕਰਨ ਉਪਰੰਤ ਡੀ. ਸੀ. ਪਟਿਆਲਾ ਨੂੰ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਦਿੱਤਾ।
ਇਸ ਮੌਕੇ ਸੂਬਾ ਸਕੱਤਰ ਧਨਵੰਤ ਸਿੰਘ ਭੱਠਲ, ਕਰਮਚੰਦ ਭਾਰਦਵਾਜ, ਹਰਪਾਲ ਸਿੰਘ, ਰਾਮ ਸਿੰਘ ਸਨੌਰ, ਅਵਤਾਰ ਸਿੰਘ ਕੈਂਥ, ਜਗਜੀਤ ਸਿੰਘ ਕੋਟਲੀ, ਕੌਰ ਸਿੰਘ ਸੋਹੀ, ਸ਼ਿਵ ਕੁਮਾਰ ਤਿਵਾੜੀ, ਪਰਮਜੀਤ ਸਿੰਘ ਭੀਖੀ, ਰਾਜਿੰਦਰ ਠਾਕੁਰ, ਹਰਮੇਸ਼ ਸਿੰਘ ਧੀਮਾਨ, ਦੇਵਰਾਜ, ਜਗਰੂਪ ਸਿੰਘ, ਸੁਰਿੰਦਰਪਾਲ ਸਿੰਘ, ਭਰਪੂਰ ਸਿੰਘ ਮਾਂਗਟ ਆਦਿ ਮੌਜੂਦ ਸਨ।
ਪੁਲਸ ਨੇ ਬੈਰੀਗੇਟਿੰਗ ਕਰ ਕੇ ਕੀਤੇ ਸਖ਼ਤ ਪ੍ਰਬੰਧ
ਮੁਲਾਜ਼ਮਾਂ ਵੱਲੋਂ ਧਰਨੇ ਅਤੇ ਰੋਸ ਮਾਰਚ ਦੀ ਕਾਲ ਦੌਰਾਨ ਪੁਲਸ ਵੱਲੋਂ ਮੋਤੀ ਮਹਿਲ ਦੇਨੇੜੇ ਪੂਰੀ ਤਰ੍ਹਾਂ ਬੈਰੀਗੇਟਿੰਗ ਅਤੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਜਿੱਥੇ ਪੁਰਸ਼ ਮੁਲਾਜ਼ਮ ਮੌਜੂਦ ਸਨ, ਉੱਥੇ ਹੀ ਵੱਡੀ ਗਿਣਤੀ ’ਚ ਮਹਿਲਾ ਮੁਲਾਜ਼ਮ ਵੀ ਤਾਇਨਾਤ ਸਨ। ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਪੁਲਸ ਨੇ ਹੋਰ ਇੰਤਜ਼ਾਮ ਵੀ ਕੀਤੇ ਹੋਏ ਸਨ।