ਸ਼ੈਲਰ ਮਾਲਕਾਂ ਤੇ ਪੱਲੇਦਾਰ ਮਜ਼ਦੂਰ ਯੂਨੀਅਨ ਵਿਚਕਾਰ ਖੂਨੀ ਟਕਰਾਅ ਹੁੰਦਾ-ਹੁੰਦਾ ਬਚਿਆ
Tuesday, Dec 04, 2018 - 01:19 AM (IST)
ਤਪਾ ਮੰਡੀ, (ਸ਼ਾਮ, ਗਰਗ)- ਅੱਜ ਸਵੇਰੇ 11 ਵਜੇ ਦੇ ਕਰੀਬ ਸ਼ੈਲਰ ਮਾਲਕਾਂ ਅਤੇ ਪੱਲੇਦਾਰਾਂ ਮਜ਼ਦੂਰ ਯੂਨੀਅਨ ਵਿਚਕਾਰ ਟਕਰਾਅ ਹੁੰਦਾ-ਹੁੰਦਾ ਬਚ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਰਕਾਰ ਵਲੋਂ ਸ਼ੈਲਰ ਮਾਲਕਾਂ ਨੂੰ ਝੋਨਾ ਮਿਲਿੰਗ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਸਨ, ਸ਼ੈਲਰ ਐਸੋ. ਦੇ ਪ੍ਰਧਾਨ ਸੰਜੀਵ ਕੁਮਾਰ ਭੂਤ (ਟਿੰਡੋ) ਦਾ ਕਹਿਣਾ ਹੈ ਕਿ ਐਸੋ. ਨੇ ਸਰਕਾਰ ਦੇ ਹੁਕਮ ਅਨੁਸਾਰ ਚਾਵਲ ਮਿਲਿੰਗ ਕਰ ਕੇ ਵੱਖ-ਵੱਖ ਗੋਦਾਮਾਂ ’ਚ 70 ਦੇ ਕਰੀਬ ਗੱਡੀਆਂ ਲਗਾ ਕੇ ਪਾਸ ਦਿੱਤੀਆਂ ਹਨ ਪਰ ਐੱਫ. ਸੀ. ਆਈ. ਉਨ੍ਹਾਂ ਨੂੰ ਵੇਟ ਸੀਟਾਂ ਅਪਲੋਡ ਨਹੀਂ ਕਰ ਰਹੀ ਅਤੇ ਨਾ ਹੀ ਸਟੈਕਿੰਗ ਕਰਵਾ ਰਹੀ ਹੈ, ਜਿਸ ਕਾਰਨ ਚਾਵਲ ਖਰਾਬ ਹੋ ਰਹੇ ਹਨ ਅਤੇ ਏਜੰਸੀਆਂ ਨੂੰ ਕਰੋਡ਼ਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪਾਲ ਸਿੰਘ ਸ਼ੈਲਰ ਐਸੋ. ਤੋਂ 1300-1400 ਰੁਪਏ ਪ੍ਰਤੀ ਗੱਡੀ (540 ਗੱਟੇ) ਬਤੌਰ ਰਿਸ਼ਵਤ ਮੰਗ ਰਹੀ ਹੈ ਜਦਕਿ ਲੇਬਰ ਨੂੰ ਅਦਾਇਗੀ ਕਰਨੀ ਸਰਕਾਰ ਦਾ ਕੰਮ ਹੈ। ਸ਼ੈਲਰ ਮਾਲਕਾਂ ਵਲੋਂ ਅੱਜ ਵੀ ਵੱਡੀ ਗਿਣਤੀ ’ਚ ਚਾਵਲਾਂ ਦੀਆਂ ਗੱਡੀਆਂ ਡੰਪ ਕਰਨ ਲਈ ਗੋਦਾਮਾਂ ਦੇ ਬਾਹਰ ਖਡ਼੍ਹੀਆਂ ਹਨ ਕਿਉਂਕਿ ਠੇਕੇਦਾਰ ਦੇ ਕੁਝ ਮਜ਼ਦੂਰਾਂ ਵੱਲੋਂ ਗੇਟ ਬੰਦ ਕਰ ਕੇ ਸ਼ੈਲਰ ਮਾਲਕਾਂ ਨੂੰ ਚਾਵਲ ਡੰਪ ਕਰਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਸ਼ੈਲਰ ਐਸੋ. ਨੂੰ ਆਰਥਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਤਾਂ ਸ਼ੈਲਰ ਐਸੋ. ਕੋਰਟ ਦਾ ਦਰਵਾਜ਼ਾ ਖਡ਼ਕਾਏਗੀ। ਇਸ ਮੁੱਦੇ ਨੂੰ ਲੈ ਕੇ ਮਜ਼ਦੂਰਾਂ ਅਤੇ ਸ਼ੈਲਰ ਮਾਲਕਾਂ ਵਿਚਕਾਰ ਟਕਰਾਅ ਵੱਧ ਗਿਆ ਸੀ, ਜਿਸ ਨੂੰ ਕੰੰਟਰੋਲ ਕਰਨ ਲਈ ਥਾਣਾ ਮੁਖੀ ਇੰਸਪੈਕਟਰ ਗੁਰਪ੍ਰਤਾਪ ਸਿੰਘ ਦੀ ਅਗਵਾਈ ’ਚ ਪੁਲਸ ਤਾਇਨਾਤ ਸੀ। ਪੁਲਸ ਨੇ ਕਿਹਾ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਲੇਬਰ ਯੂਨੀਅਨ ਦੇ ਪ੍ਰਧਾਨ ਪਾਲ ਸਿੰਘ ਦਾ ਕਹਿਣਾ ਹੈ ਕਿ ਸ਼ੈਲਰ ਮਾਲਕਾਂ ਵਾਲੇ ਗੁੰਡਾਗਰਦੀ ਕਰਦੇ ਹਨ। ਇਨ੍ਹਾਂ ਨੇ ਹੀ ਸਾਡੀ ਯੂਨੀਅਨ ਨੂੰ ਅਾਪਣਾ ਲਾਹਾ ਲੈਣ ਲਈ ਦੋਫਾਡ਼ ਕਰ ਦਿੱਤਾ ਹੈ।
ਰਿਸ਼ਵਤ ਦੀ ਜੋ ਸ਼ੈਲਰ ਮਾਲਕ ਗੱਲ ਕਰਦੇ ਹਨ ਬਿਲਕੁਲ ਝੂਠ ਹੈ। ਝੋਨੇ ਦੇ ਸੀਜ਼ਨ ਦੀ ਅਜੇ ਤੱਕ ਕੋਈ ਅਦਾਇਗੀ ਨਹੀਂ ਕੀਤੀ, ਜਿਸ ਕਾਰਨ ਮਜ਼ਦੂਰਾਂ ਨੂੰ ਕੰਮ ਕਰਨਾ ਮੁਸ਼ਕਲ ਹੋਇਆ ਪਿਆ ਹੈ। ਸਰਕਾਰ ਵੱਲ ਸਾਡਾ ਢਾਈ ਕਰੋਡ਼ ਰੁਪਏ ਬਕਾਇਆ ਖਡ਼੍ਹੇ ਹਨ ਜਦੋਂ ਤੱਕ ਅਦਾਇਗੀ ਨਹੀਂ ਹੁੰਦੀ, ਅਸੀਂ ਕੰਮ ਨਾ ਕਰਾਂਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਵਾਂਗੇ।
ਇਸ ਮੌਕੇ ਅਸ਼ਵਨੀ ਬਹਾਵਲਪੁਰੀਆ, ਸੰਜੀਵ ਕੁਮਾਰ ਟਾਂਡਾ, ਆਰ. ਕੇ. ਮੋਡ਼, ਗੋਪਾਲ ਦਾਸ, ਅਸ਼ੋਕ ਕੁਮਾਰ ਭੂਤ, ਅਨਿਲ ਕੁਮਾਰ ਭੂਤ, ਮੁਨੀਸ਼ ਕੁਮਾਰ, ਰਵਿੰਦਰ ਕੁਮਾਰ ਤਾਜੋ, ਤਰਸੇਮ ਚੰਦ, ਰਵਿੰਦਰ ਕੁਮਾਰ ਤਾਜੋ, ਰਵਿੰਦਰ ਕੁਮਾਰ ਘੁੰਨਸ, ਆਸ਼ੂ ਭੂਤ, ਲਛਮਣ ਦਾਸ ਆਦਿ ਸ਼ੈਲਰ ਮਾਲਕ ਹਾਜ਼ਰ ਸਨ। ਐੱਫ. ਸੀ. ਆਈ. ਤਪਾ ਦੇ ਮੈਨੇਜਰ ਨੇ ਮੀਡੀਆ ਤੋਂ ਦੂਰੀ ਵੱਟੀ ਰੱਖੀ ਅਤੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਪ੍ਰੇਸ਼ਾਨ ਹਾਂ, ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਐੱਫ. ਸੀ. ਆਈ. ਦੇ ਅਧਿਕਾਰੀ ਵੀ ਜ਼ਿੰਮੇਵਾਰ ਹੁੰਦੇ ਹਨ ਜੇਕਰ ਪਹਿਲਾਂ ਹੀ ਯੋਜਨਾਬੱਧ ਤਰੀਕੇ ਨਾਲ ਕਰਦੇ ਤਾਂ ਸ਼ੈਲਰਾਂ ਅਤੇ ਮਜ਼ਦੂਰਾਂ ਵਿਚਕਾਰ ਇਹ ਨੌਬਤ ਨਹੀਂ ਆਉਣੀ ਸੀ। ਜਦ ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਗੀਤਾ ਬਸੰਬੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਧਿਆਨ ’ਚ ਆ ਗਿਆ ਹੈ। ਸਾਡੀ ਏਜੰਸੀ ਦੀ ਅਦਾਇਗੀ ਹੋ ਚੁੱਕੀ ਹੈ, ਬਾਕੀ ਜਾਂਚ ਲਈ ਜ਼ਿਲਾ ਖੁਰਾਕ ਸਪਲਾਈ ਅਫਸਰ ਦੀ ਡਿਊਟੀ ਲਗਾ ਦਿੱਤੀ ਗਈ ਹੈ। ਜਦ ਜ਼ਿਲਾ ਐੱਫ. ਡੀ. ਆਈ. ਦੇ ਮੈਨੇਜਰ ਡੀ. ਐੱਸ. ਮੀਨਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀ ਚੁੱਕਿਆ। ਖਬਰ ਲਿਖੇ ਜਾਣ ਤੱਕ ਮਾਮਲਾ ਜਿਉਂ ਦਾ ਤਿਉਂ ਸੀ ਅਤੇ ਪੁਲਸ ਡਿਊਟੀ ਨਿਭਾਅ ਰਹੀ ਸੀ।
