ਖੋਜ : ਮਾਹਵਾਰੀ ਤੋਂ ਪ੍ਰਭਾਵਿਤ ਔਰਤਾਂ ’ਚ ਹੁੰਦੀ ਥਾਈਰਾਈਡ ਦੀ ਸੰਭਾਵਨਾ

01/30/2023 6:16:29 PM

ਪਟਿਆਲਾ (ਜੋਸਨ) : ਪੰਜਾਬੀ ਯੂਨੀਵਰਸਿਟੀ ਦੇ ਫਿਜ਼ਿਓਥੈਰੇਪੀ ਵਿਭਾਗ ਵਿਖੇ ਹੋਈ ਇਕ ਖੋਜ ਦੌਰਾਨ ਸਾਹਮਣੇ ਆਇਆ ਕਿ ਮਾਹਵਾਰੀ ਨਾਲ ਸੰਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਵਿਚ ਥਾਈਰਾਈਡ ਦੀ ਇਕ ਵਿਸ਼ੇਸ਼ ਕਿਸਮ ਸਬ-ਕਲੀਨੀਕਲ ਹਾਈਪੋਥਾਇਰਡਿਜ਼ਮ (ਐੱਸ.ਸੀ.ਐੱਚ.) ਦੀ ਸਮੱਸਿਆ ਵੀ ਅਕਸਰ ਪਾਈ ਜਾਂਦੀ ਹੈ, ਜਿਸ ਲਈ ਸ਼ੁਰੂਆਤੀ ਪੱਧਰ ’ਤੇ ਡਾਕਟਰਾਂ ਵੱਲੋਂ ਕੋਈ ਦਵਾਈ ਨਹੀਂ ਦਿੱਤੀ ਜਾਂਦੀ। ਸਮੇਂ ਸਿਰ ਇਸ ਦੀ ਪਛਾਣ ਨਾ ਹੋ ਸਕਣ ਕਾਰਨ ਬਾਅਦ ’ਚ ਇਹ ਕਿਸਮ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦੀ ਹੈ। ਖੋਜ ਅਨੁਸਾਰ ਅਜਿਹੇ ਕੇਸਾਂ ’ਚ ਸੰਬੰਧਤ ਮਰੀਜ਼ ਦੀ ਖੁਰਾਕ ਵਿਚ ਕੁੱਝ ਵਿਸ਼ੇਸ਼ ਸੁਧਾਰ ਕਰ ਕੇ ਅਤੇ ਕੁੱਝ ਵਿਸ਼ੇਸ਼ ਕਸਰਤਾਂ (ਪ੍ਰੋਗ੍ਰੈਸਿਵ ਰਜਿਸਟਰਡ ਐਕਸਰਸਾਈਜ਼ਜ਼ ) ਨੂੰ ਉਸ ਦੇ ਰੁਟੀਨ ’ਚ ਸ਼ਾਮਿਲ ਕਰ ਕੇ ਇਸ ਸਮੱਸਿਆ ’ਤੇ ਕਾਬੂ ਪਾਇਆ ਜਾ ਸਕਦਾ ਹੈ। ਅਜਿਹਾ ਹੋਣ ਨਾਲ ਦੇਸ਼ ਦੀ ਕੁੱਲ ਆਬਾਦੀ ਦੇ ਬਹੁਤ ਵੱਡੇ ਹਿੱਸੇ ਨੂੰ ਇਸ ਰੋਗ ਅਤੇ ਇਸ ਨਾਲ਼ ਜੁੜੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ। ਖੋਜ ਨਿਗਰਾਨ ਡਾ. ਸੋਨੀਆ ਸਿੰਘ ਅਧੀਨ ਖੋਜਾਰਥੀ ਸਦਭਾਵਨਾ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਸਿਫ਼ਾਰਿਸ਼ ਕੀਤੀ ਗਈ ਹੈ ਕਿ ਮਾਹਵਾਰੀ ਨਾਲ ਸੰਬੰਧਤ ਉਲਝਣਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੇ ਥਾਇਰਡ ਪੱਧਰਾਂ ਦੀ ਜਾਂਚ ਲਾਜ਼ਮੀ ਤੌਰ ਉੱਤੇ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਕੀਤਾ ਨੋਟੀਫਿਕੇਸ਼ਨ, ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ

ਨਿਗਰਾਨ ਡਾ. ਸੋਨੀਆ ਸਿੰਘ ਨੇ ਦੱਸਿਆ ਕਿ ਇਹ ਖੋਜ ਸਿਫ਼ਾਰਿਸ਼ ਕਰਦੀ ਹੈ ਕਿ ਅਸੀਂ ਇਸ ਸਬਕਲੀਨੀਕਲ ਹਾਈਪੋਥਾਇਰਡਿਜ਼ਮ ਨੂੰ ਸਮੇਂ ਸਿਰ ਪਛਾਣ ਕੇ ਖੁਰਾਕ ਵਿਚਲੇ ਵਿਸ਼ੇਸ਼ ਸੁਧਾਰਾਂ ਅਤੇ ਵਿਸ਼ੇਸ਼ ਕਸਰਤਾਂ ਨਾਲ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਨਹੀਂ ਤਾਂ ਜੇਕਰ ਇਹ ਕੁੱਝ ਸਮੇਂ ਬਾਅਦ ਹਾਈਪੋਥਾਇਰਡਿਜ਼ਮ ਵਿਚ ਤਬਦੀਲ ਹੋ ਜਾਵੇ ਤਾਂ ਉਸ ਨੂੰ ਕਾਬੂ ਵਿਚ ਰੱਖਣ ਲਈ ਮਰੀਜ਼ ਨੂੰ ਪੂਰੀ ਉਮਰ ਦਵਾਈਆਂ ਖਾਣੀਆਂ ਪੈ ਸਕਦੀਆਂ ਹਨ, ਜੋ ਕਾਫ਼ੀ ਮਹਿੰਗੀਆਂ ਵੀ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਸਰੀਰ ਉੱਪਰ ਹੋਰ ਕਈ ਕਿਸਮ ਦੇ ਮਾੜੇ ਪ੍ਰਭਾਵ ਵੀ ਪੈ ਸਕਣ ਦੀ ਸੰਭਾਵਨਾ ਹੁੰਦੀ ਹੈ। ਖੋਜਾਰਥੀ ਸਦਭਾਵਨਾ ਨੇ ਖੋਜ ਵਿਧੀ ਬਾਰੇ ਦੱਸਿਆ ਕਿ ਅਮ੍ਰਿਤਸਰ ਸ਼ਹਿਰ ਵਿੱਚ 18 ਤੋਂ 35 ਸਾਲ ਦਰਮਿਆਨ ਉਮਰ ਦੀਆਂ 748 ਔਰਤਾਂ ਵਿੱਚ ਸਬਕਲੀਨਿਕ ਹਾਈਪੋਥਾਇਰਡਿਜ਼ਮ ਵਾਲ਼ੀਆਂ ਔਰਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਜਿਨ੍ਹਾਂ ਨੂੰ ਇਸ ਖੋਜ ਵਿਚਲੇ ਪ੍ਰਯੋਗਾਂ ਦਾ ਅਧਾਰ ਬਣਾਇਆ ਗਿਆ। ਇਕ ਸਮੂਹ ਨੂੰ ਜਿੱਥੇ ਘੱਟ ਕੈਲੋਰੀ ਤੇ ਉੱਚ ਫ਼ਾਇਬਰ ਖੁਰਾਕ ਦਿੱਤੀ ਗਈ ਉੱਥੇ ਹੀ ਦੂਜੇ ਇੱਕ ਸਮੂਹ ਨੂੰ ਛੇ ਹਫ਼ਤਿਆਂ ਲਈ ਵਿਸ਼ੇਸ਼ ਕਸਰਤ (ਪ੍ਰੋਗਰੈਸਿਵ ਰਜਿਸਟਰਡ ਐਕਸਰਸਾਈਜ਼) ਕਰਵਾਈ ਗਈ। ਇਸ ਉਪਰੰਤ ਉਨ੍ਹਾਂ ਦੇ ਥਾਇਰਡ ਨਾਲ਼ ਸੰਬੰਧਤ ਟੀ-3, ਟੀ-4 ਅਤੇ ਟੀ.ਐੱਸ.ਐੱਚ. ਟੈਸਟ ਦੁਬਾਰਾ ਕੀਤੇ ਗਏ, ਜਿਸ ਵਿਚੋਂ ਪ੍ਰਾਪਤ ਅੰਕੜਿਆਂ ਦਾ ਇਸ ਖੋਜ ਰਾਹੀਂ ਵਿਸ਼ਲੇਸ਼ਣ ਕੀਤਾ ਗਿਆ। ਕਸਰਤ ਵਾਲੇ ਸਮੂਹ ਵਿੱਚ ਬਿਹਤਰ ਨਤੀਜੇ ਵੇਖਣ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਵਿਧੀਆਂ ਦੀ ਵਰਤੋਂ ਨਾਲ਼ ਉਨ੍ਹਾਂ ਦੀਆਂ ਮਾਹਵਾਰੀ ਨਾਲ਼ ਸੰਬੰਧਤ ਸਮੱਸਿਆਵਾਂ ਵੀ ਕਾਫ਼ੀ ਹੱਦ ਤੱਕ ਹੱਲ ਹੋਈਆਂ ਵਿਖਾਈਆਂ ਗਈਆਂ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਨੂੰ ਮਿਲੀ ਵੱਡੀ ਸੌਗਾਤ, ਹਲਕਾ ਪਾਇਲ ''ਚ ਕੀਤਾ ਗਿਆ 3 ਮੁਹੱਲਾ ਕਲੀਨਿਕਾਂ ਦਾ ਉਦਘਾਟਨ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News