ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣੀ  ਸਡ਼ਕ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

Monday, Jan 07, 2019 - 06:16 AM (IST)

ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣੀ  ਸਡ਼ਕ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

ਫਰੀਦਕੋਟ,(ਹਾਲੀ)- ਫਰੀਦਕੋਟ ਤੋਂ ਪਿੰਡ ਕਿਲਾ ਨੌ ਅਤੇ ਸੁੱਖਣਵਾਲਾ ਹੋ ਕੇ ਸ੍ਰੀ ਮੁਕਤਸਰ ਸਾਹਿਬ-ਸਾਦਿਕ ਮੁੱਖ ਮਾਰਗ ਨੂੰ ਮਿਲਾਉਣ ਵਾਲੀ ਪ੍ਰਧਾਨ ਮੰਤਰੀ ਗ੍ਰਾਮ ਸਡ਼ਕ ਯੋਜਨਾ ਤਹਿਤ ਬਣੀ ਸਡ਼ਕ ਪਿਛਲੇ ਕਈ ਮਹੀਨਿਆਂ ਤੋਂ ਟੁੱਟ ਰਹੀ ਹੈ ਅਤੇ ਕੋਈ ਇਸ ਦੀ ਸਾਰ ਨਹੀਂ ਲੈ ਰਿਹਾ। 
ਜ਼ਿਕਰਯੋਗ ਹੈ ਕਿ ਇਸ ਸਡ਼ਕ ਵਿਚ ਕਈ ਥਾਵਾਂ ’ਤੇ ਵੱਡੇ-ਵੱਡੇ ਟੋਏ ਪਏ ਹਨ ਅਤੇ ਕਈ ਥਾਵਾਂ ’ਤੇ ਨਾਲ ਦੀ ਲੰਘਦੇ ਨਿਕਾਸੀ ਨਾਲਿਆਂ ’ਚੋਂ ਪਾਣੀ ਓਵਰਫ਼ਲੋਅ ਹੋ ਕੇ ਇਨ੍ਹਾਂ ਟੋਇਅਾਂ ਵਿਚ ਭਰ ਜਾਂਦਾ ਹੈ। ਇਸ ਸਬੰਧੀ ਨਵੰਬਰ-2018 ਦੌਰਾਨ ‘ਜਗ ਬਾਣੀ’ ਵਿਚ ਖਬਰ ਪ੍ਰਕਾਸ਼ਿਤ ਕਰ ਕੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। 
ਜਾਣਕਾਰੀ ਅਨੁਸਾਰ ਫਰੀਦਕੋਟ, ਕੰਮੇਆਣਾ ਰੋਡ ’ਚੋਂ ਕੰਮੇਆਣਾ ਤਿੰਨ ਕੋਨੀ ਤੋਂ ਸ਼ੁਰੂ ਹੁੰਦੀ ਪ੍ਰਧਾਨ ਮੰਤਰੀ ਗ੍ਰਾਮ ਸਡ਼ਕ ਯੋਜਨਾ ਵਾਲੀ ਇਹ ਸਡ਼ਕ 10 ਸਾਲ ਪਹਿਲਾਂ ਬਣੀ ਸੀ ਅਤੇ ਇਸ ਦੀ ਲੰਬਾਈ 20 ਕਿਲੋਮੀਟਰ ਦੇ ਕਰੀਬ ਹੈ। ਇਹ ਸ਼ਹਿਰ ਦੀ ਹੱਦ ਤੋਂ ਪਿੰਡ ਕਿਲਾ ਨੌ, ਸੁੱਖਣਵਾਲਾ, ਡੋਹਕ ਅਤੇ ਸੀਰਵਾਲੀ ਤੋਂ ਹੁੰਦੀ ਪਿੰਡ ਭੰਗੇਵਾਲਾ ਜਾ ਕੇ ਸਾਦਿਕ-ਸ੍ਰੀ ਮੁਕਤਸਰ ਸਾਹਿਬ ਮੁੱਖ ਸਡ਼ਕ ਵਿਚ ਰਲਦੀ ਹੈ। ਇਸ ਦੇ ਬਣਨ ਨਾਲ ਇਸ ਖੇਤਰ ਦੇ ਕਈ ਪਿੰਡਾਂ ਅਤੇ ਸ਼ਹਿਰ ਵਾਲਿਆਂ ਨੂੰ ਸ੍ਰੀ ਮੁਕਤਸਰ ਸਾਹਿਬ ਜਾਣਾ ਕਾਫੀ ਆਸਾਨ ਹੋ ਗਿਆ। ਹੁਣ ਇਸ ਸਡ਼ਕ ਦੀ ਹਾਲਤ ਇਹ ਬਣੀ ਹੋਈ ਹੈ ਕਿ ਇਸ ਦੀ ਕਾਫ਼ੀ ਸਮੇਂ ਤੋਂ ਕੋਈ ਸਾਰ ਨਹੀਂ ਲੈ ਰਿਹਾ। ਕਈ ਲੋਕਾਂ ਨੇ ਸਡ਼ਕ ਨੂੰ ਪੁੱਟ ਕੇ ਹੇਠਾਂ ਦੀ ਪਾਈਪਾਂ ਪਾ ਲਈਆਂ ਸਨ ਅਤੇ ਬਾਅਦ ਵਿਚ ਉਸ ਜਗ੍ਹਾ ਤੋਂ ਸੜਕ ਨੂੰ ਠੀਕ ਨਹੀਂ ਕੀਤਾ ਗਿਆ। 
ਇਸ ਤੋਂ ਇਲਾਵਾ ਫਰੀਦਕੋਟ ਛਾਉਣੀ ਦੇ ਕੋਲੋਂ ਲੰਘਦਿਆਂ ਇਹ ਸਡ਼ਕ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਈ ਹੈ। ਸਡ਼ਕ ਦੀ ਹਾਲਤ ਪਿਛਲੇ 1 ਸਾਲ ਬਦ ਤੋਂ ਬਦਤਰ ਬਣ ਰਹੀ ਹੈ ਪਰ ਕੋਈ ਵੀ ਅਧਿਕਾਰੀ ਇਸ ਦੀ ਸਾਰ ਨਹੀਂ ਲੈ ਰਿਹਾ। ਇਸ ਸਬੰਧੀ ਜਦੋਂ ਜ਼ਿਲਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਸਡ਼ਕ ਮਾਰਕੀਟ ਕਮੇਟੀ ਦੇ ਅÎਧੀਨ ਆਉਂਦੀ ਹੈ ਅਤੇ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਉਸ ਨੂੰ ਲਿਖਿਆ ਗਿਆ ਹੈ।


Related News