ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ਨੇ ਬੱਚਿਆਂ ਨੂੰ ਨਹੀਂ ਹੋਣ ਦਿੱਤਾ ਸਸਕਾਰ 'ਚ ਸ਼ਾਮਲ
Monday, Feb 05, 2024 - 03:07 AM (IST)
ਨਾਭਾ (ਪੁਰੀ)- ਨਾਭਾ ਦੇ ਹਰਿਦਾਸ ਕਲੋਨੀ ਵਿਖੇ ਰਹਿਣ ਵਾਲਾ ਇਕ ਪਰਿਵਾਰ ਆਪਣੀ 32 ਸਾਲਾ ਧੀ ਵਨੀਤਾ ਦੀ ਲਾਸ਼ ਦਾ ਸਸਕਾਰ ਕਰਨ ਲਈ ਉਸ ਦੇ ਬੱਚਿਆਂ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਉਸ ਦੇ ਸਹੁਰੇ ਪਰਿਵਾਰ ਨੇ ਬੱਚਿਆਂ ਨੂੰ ਸਸਕਾਰ ’ਤੇ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਬੱਚੇ ਆਖ਼ਰੀ ਵਾਰ ਆਪਣੀ ਮਾਂ ਦਾ ਚਿਹਰਾ ਵੀ ਨਹੀਂ ਵੇਖ ਸਕੇ। ਜ਼ਿਕਰਯੋਗ ਹੈ ਕਿ ਵਨੀਤਾ ਦਾ 12 ਸਾਲ ਪਹਿਲਾਂ ਰੋਪੜ ਵਾਸੀ ਰਮੇਸ਼ ਕੁਮਾਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦਾ ਇਕ ਲੜਕਾ ਅਤੇ ਇਕ ਲੜਕੀ ਹੈ।
ਬੀਤੀ 2 ਫਰਵਰੀ ਨੂੰ ਵਨੀਤਾ ਦੇ ਪਿਤਾ ਗੁਰਜੀਤ ਸਿੰਘ ਨੂੰ ਵਨੀਤਾ ਦੇ ਸਹੁਰੇ ਪਰਿਵਾਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਕੁੜੀ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ, ਜੋ ਪੀ.ਜੀ.ਆਈ. ਵਿਖੇ ਜ਼ੇਰੇ ਇਲਾਜ ਹੈ। ਪਰ ਜਦੋਂ ਤੱਕ ਪਰਿਵਾਰ ਪੀ.ਜੀ.ਆਈ. ਚੰਡੀਗੜ੍ਹ ਪਹੁੰਚਿਆ, ਉਦੋਂ ਤੱਕ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ’ਚ ਪੇਕੇ ਪਰਿਵਾਰ ਵੱਲੋਂ ਉਨ੍ਹਾਂ ਦੀ ਲੜਕੀ ਦੀ ਹੱਤਿਆ ਦੇ ਦੋਸ਼ ਲਗਾਉਣ ਤੋਂ ਬਾਅਦ ਰੋਪੜ ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਰਮੇਸ਼ ਕੁਮਾਰ ਅਤੇ ਸਹੁਰੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ
ਰੋਪੜ ਵਿਖੇ ਲੜਕੀ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਸਸਕਾਰ ਲਈ ਮ੍ਰਿਤਕ ਦੇਹ ਨੂੰ ਨਾਭਾ ਲਿਆਂਦਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਮ੍ਰਿਤਕਾ ਦੇ ਬੱਚਿਆਂ ਨੂੰ ਜਲਦ ਭੇਜਣ ਦਾ ਭਰੋਸਾ ਦਿੱਤਾ, ਪਰ ਬਾਅਦ ਫੋਨ ਬੰਦ ਕਰ ਲਿਆ ਅਤੇ ਬੱਚਿਆਂ ਨੂੰ ਨਹੀਂ ਭੇਜਿਆ। ਇਸ ਕਾਰਨ ਛੋਟੇ-ਛੋਟੇ ਬੱਚੇ ਆਪਣੀ ਮਾਂ ਨੂੰ ਅਖੀਰਲੀ ਵਾਰ ਵੇਖ ਵੀ ਨਹੀਂ ਸਕੇ।
ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਰੋਪੜ ਪੁਲਸ ਨਾਲ ਇਸ ਮਸਲੇ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਸਬੰਧੀ ਪੁਲਸ ਕੁਝ ਵੀ ਨਹੀਂ ਕਰ ਸਕਦੀ, ਜਿਸ ਕਰ ਕੇ ਮਜਬੂਰ ਹੋ ਕੇ ਪੀੜਤ ਪਰਿਵਾਰ ਵੱਲੋਂ ਲੜਕੀ ਦਾ ਸਸਕਾਰ ਨਾਭਾ ਵਿਖੇ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਉਸ ਦੇ ਪਿਤਾ ਵੱਲੋਂ ਅਗਨ ਭੇਟ ਕੀਤਾ ਗਿਆ। ਲੜਕੀ ਦੇ ਪਿਤਾ ਗੁਰਜੀਤ ਸਿੰਘ, ਮਾਤਾ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦਾ ਸਹੁਰਾ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਹੈ, ਜਿਨਾਂ ਖਿਲਾਫ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e