ਜ਼ਿਲੇ ’ਚ ਧੜੱਲੇ ਨਾਲ ਹੋ ਰਹੀ ਹੈ ਪਲਾਸਟਿਕ ਲਿਫਾਫਿਆਂ ਦੀ ਵਰਤੋਂ

Monday, Nov 19, 2018 - 06:32 AM (IST)

ਜ਼ਿਲੇ ’ਚ ਧੜੱਲੇ ਨਾਲ ਹੋ ਰਹੀ ਹੈ ਪਲਾਸਟਿਕ ਲਿਫਾਫਿਆਂ ਦੀ ਵਰਤੋਂ

ਫ਼ਰੀਦਕੋਟ, (ਹਾਲੀ)- ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਤਹਿਤ ਦੇਸ਼ ਭਰ ਵਿਚ ਸਫ਼ਾਈ ਮੁਹਿੰਮ ਚਲਾਉਣ ਲਈ ਵੱਖ-ਵੱਖ ਸੂਬਾ ਸਰਕਾਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਦੇਸ਼ ਦੇ ਹਰ ਸੂਬੇ ਵਿਚ ਸਫ਼ਾਈ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ ਪਰ ਫਰੀਦਕੋਟ ਵਿਚ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਕਿਉਂਕਿ ਸ਼ਹਿਰ ’ਚ ਇਸ ਮੁਹਿੰਮ ਚੱਲਣ ਦੇ ਬਾਵਜੂਦ ਅਜੇ ਵੀ ਸ਼ਹਿਰ ਦੇ ਕਈ ਅਜਿਹੇ ਖੇਤਰ ਹਨ, ਜਿੱਥੇ ਸਫ਼ਾਈ ਵਿਵਸਥਾ ਨੂੰ ਕਾਇਮ ਰੱਖਣ ਲਈ ਅਧਿਕਾਰੀਅਾਂ ਨੇ ਆਪਣੀ ਸਵੱਲੀ ਨਜ਼ਰ ਹੀ ਨਹੀਂ ਮਾਰੀ ਹੈ ਅਤੇ ਸ਼ਹਿਰ ’ਚ ਸਫਾਈ ਪ੍ਰਬੰਧਾਂ ਦੀ ਘਾਟ ਕਾਰਨ ਥਾਂ-ਥਾਂ ਗੰਦਗੀ ਫੈਲੀ ਹੋਈ ਹੈ।
ਸ਼ਹਿਰ ਦੀਆਂ ਬਾਹਰੀ ਸਲੱਮ ਬਸਤੀਆਂ ਤੋਂ ਇਲਾਵਾ ਕਈ ਗਲੀ-ਮੁਹੱਲੇ ਅਜਿਹੇ ਹਨ, ਜੋ ਆਲੇ-ਦੁਆਲੇ ਪਈ ਗੰਦਗੀ ਤੋਂ ਅਜੇ ਵੀ ਨਿਜਾਤ ਨਹੀਂ ਪਾ ਸਕੇ, ਜਦਕਿ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਅਤੇ ਪੁਰਾਣੀ ਸਬਜ਼ੀ ਮੰਡੀ ਨਜ਼ਦੀਕ ਵਾਲੇ ਚੌਕਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ ਕਿਉਂਕਿ ਇੱਥੋਂ ਦੇ ਦੁਕਾਨਦਾਰਾਂ ਅਨੁਸਾਰ ਸਾਰੇ ਸ਼ਹਿਰ ਦਾ ਕੂਡ਼ਾ ਅਤੇ ਨਾਲੇ-ਨਾਲੀਆਂ ਦੀ ਗਾਰ ਪਹਿਲਾਂ ਇੱਥੇ ਹੀ ਇਕੱਠੀ ਕੀਤੀ ਜਾਂਦੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਮਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਇੱਥੇ ਇਹ ਵੀ ਦੱਸਣਯੋਗ ਹੈ ਕਿ ਦੇਸ਼ ’ਚ ਪ੍ਰਦੂਸ਼ਣ ਦੀ ਰੋਕਥਾਮ ਲਈ ਨਿਰਧਾਰਿਤ ਮਾਤਰਾ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਲਿਫਾਫਿਆਂ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ’ਤੇ ਸਖ਼ਤ ਪਾਬੰਦੀ ਲਾਈ ਗਈ ਹੈ, ਜਿਸ ਤਹਿਤ ਇਸ ਜ਼ਿਲੇ ’ਚ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਇਹ ਵੇਖਣ ਵਿਚ ਆਇਆ ਹੈ ਕਿ ਜ਼ਿਲੇ ਵਿਚ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ, ਜਿਸ ਨਾਲ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ। ਇਹ ਵੀ ਦੱਸਣਯੋਗ ਹੈ ਕਿ ਨਿਰਧਾਰਿਤ ਮੋਟਾਈ ਤੋਂ ਘੱਟ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਸਵੱਛ ਭਾਰਤ ਮੁਹਿੰਮ ’ਤੇ ਪ੍ਰਸ਼ਨ ਚਿੰਨ੍ਹ ਲਾ ਰਹੀ ਹੈ ਕਿਉਂਕਿ 30 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਇਨ੍ਹਾਂ ਲਿਫਾਫਿਆਂ ਕਾਰਨ ਸ਼ਹਿਰ ਦਾ ਸੀਵਰੇਜ ਸਿਸਟਮ ਜਾਮ ਹੋ ਜਾਂਦਾ ਹੈ ਅਤੇ ਇਹ ਲਿਫਾਫੇ ਗਲਦੇ ਵੀ ਨਹੀਂ ਹਨ। 
ਕੀ ਕਹਿਣਾ ਹੈ ਨਗਰ ਕੌਂਸਲ ਦੇ ਅਧਿਕਾਰੀਅਾਂ ਦਾ : ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਲੰਮੀ ਮੁਹਿੰਮ ਹੈ, ਜਿਸ ਤਹਿਤ ਕੰਮ ਚੱਲ ਰਿਹਾ ਹੈ। ਸ਼ਹਿਰ ’ਚੋਂ ਕੂਡ਼ਾ ਇਕੱਠਾ ਕਰਨ ਲਈ ਕੰਟਰੈਕਟ ਕੀਤੇ ਜਾਣ ਦੀ ਸੂਰਤ ਵਿਚ ਸਫ਼ਾਈ ਮੁਲਾਜ਼ਮ ਕੂਡ਼ਾ ਚੁੱਕ ਰਹੇ ਹਨ। ਉਨ੍ਹਾਂ ਨੇ 30 ਮਾਈਕਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਸਬੰਧੀ ਕਿਹਾ ਕਿ ਇਸ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


Related News