ਪੈਟਰੋਲ ਘੱਟ ਪਾਉਣ ’ਤੇ ਹੋਇਆ ਹੰਗਾਮਾ
Monday, Oct 22, 2018 - 07:06 AM (IST)

ਮਾਨਸਾ, (ਜੱਸਲ)- ਸ਼ਹਿਰ ਦੇ ਜਵਾਹਰਕੇ ਰੋਡ ਸਥਿਤ ਇਕ ਪੈਟਰੋਲ ਪੰਪ ’ਤੇ ਮੋਟਰਸਾਈਕਲ ਦੀ ਟੈਂਕੀ ’ਚ ਪਵਾਇਆ ਪੈਟਰੋਲ ਘੱਟ ਨਿਕਲਣ ਨੂੰ ਲੈ ਕੇ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਥਾਣਾ ਸਿਟੀ-1 ਦੀ ਪੁਲਸ ਨੇ ਪਹੁੰਚ ਕੇ ਇਕ ਵਾਰ ਪੰਪ ਨੂੰ ਸੀਲ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸੰਬਧਿਤ ਵਿਭਾਗ ਦੇ ਅਧਿਕਾਰੀ ਇਸ ’ਤੇ ਕਾਰਵਾਈ ਕਰਨ ਲਈ ਆਉਣਗੇ,ਜਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਜਵਾਹਰਕੇ ਰੋਡ ’ਤੇ ਇਕ ਮਸ਼ਹੂਰ ਪੈਟਰੋਲ ਪੰਪ ਤੋਂ ਕੇਬਲ ਅਪਰੇਟਰ ਮੁਲਾਜ਼ਮ ਅਸ਼ਵਨੀ ਕੁਮਾਰ ਵਾਸੀ ਮਾਨਸਾ ਨੇ ਆਪਣੇ ਮੋਟਰਸਾਈਕਲ ਵਿਚ ਤੇਲ ਪਵਾਇਆ। ਜਿਸ ਦੌਰਾਨ 100 ਰੁਪਏ ਦਾ ਪੈਟਰੋਲ ਪਾਏ ਜਾਣ ’ਤੇ ਅਚਾਨਕ ਮਸ਼ੀਨ ਬੰਦ ਹੋ ਗਈ। ਜਿਸ ’ਤੇ ਅਸ਼ਵਨੀ ਕੁਮਾਰ ਨੂੰ ਸ਼ੱਕ ਹੋਇਆ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਦ ਉਸਨੇ ਪੰਪ ਅਪਰੇਟਰ ਨੂੰ ਇਸ ਬਾਰੇ ਪੁੱÎਛਿਆ ਤਾਂ ਉਸਨੇ ਜਵਾਬ ਦਿੱਤਾ ਮਸ਼ੀਨ ਠੀਕ ਹੈ ਤੇ ਪੈਟਰੋਲ ਪੂਰੀ ਮਾਤਰ ’ਚ ਮੋਟਰਸਾਈਕਲ ਦੀ ਟੈਂਕੀ ’ਚ ਪਾ ਦਿੱਤਾ ਗਿਆ। ਪਰ ਚੈੱਕ ਕਰਨ ’ਤੇ ਟੈਂਕੀ ’ਚੋਂ ਸਿਰਫ 70 ਰੁਪਏ ਦਾ ਹੀ ਪੈਟਰੋਲ ਨਿਕਲਿਆ। ਇਸ ਨੂੰ ਲੈ ਕੇ ਪੰਪ ਦੇ ਕਰਿੰਦੇ, ਕੇਬਲ ਅਪਰੇਟਰ ਤੇ ਪੰਪ ਮਾਲਕ ਵਿਚ ਟਕਰਾਅ ਹੋ ਗਿਆ। ਪਰ ਜਦ ਇਸ ਦਾ ਕੋਈ ਫੈਸਲਾ ਨਾ ਹੋ ਸਕਿਆ ਤਾਂ ਥਾਣਾ ਸਿਟੀ-1 ਦੀ ਪੁਲਸ ਪਾਰਟੀ ਨੂੰ ਮੌਕੇ ’ਤੇ ਬੁਲਾਇਆ ਗਿਆ। ਅਸ਼ਵਨੀ ਕੁਮਾਰ ਤੇ ਉਸਦੇ ਹਮਾਇਤੀਆਂ ਨੇ ਇਸ ਧੋਖਾਦੇਹੀ ਨੂੰ ਲੈ ਕੇ ਪੰਪ ਨੂੰ ਸੀਲ ਕਰਨ ’ਤੇ ਇਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਰਾਤ ਤੱਕ ਇਹ ਹੰਗਾਮਾ ਹੁੰਦਾ ਰਿਹਾ। ਥਾਣਾ ਸਿਟੀ-1 ਦੇ ਏ. ਐੱਸ. ਆਈ. ਸਮਸ਼ੇਰ ਸਿੰਘ ਨੇ ਦੱÎਸਿਆ ਕਿ ਪੁਲਸ ਨੇ ਇਕ ਵਾਰ ਜਵਾਹਰਕੇ ਰੋਡ ਸਥਿਤ ਇਹ ਪੰਪ ਸੀਲ ਕਰ ਦਿੱਤਾ ਹੈ ਤੇ ਇਸ ਬਾਰੇ ਸੰਬਧਿਤ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਕਾਰਵਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਸੋਮਵਾਰ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਦੀ ਕਾਰਵਾਈ ਜਾਰੀ ਹੈ। ਇਸ ਨੂੰ ਲੈ ਕੇ ਰਾਤ ਤੱਕ ਪੰਪ ਦੇ ਹੰਗਾਮਾ ਚੱਲਦਾ ਰਿਹਾ।