ਕੱਪੜੇ ਖ਼ਰੀਦਣ ਬਹਾਨੇ ਆਏ ਲੁਟੇਰੇ, ਬੰਦੂਕ ਦਿਖਾ ਕੇ ਦੁਕਾਨਦਾਰ ਮਹਿਲਾ ਤੋਂ ਚੇਨ, ਲਾਕੇਟ ਤੇ ਟਾਪਸ ਲੁੱਟੇ

Monday, Aug 05, 2024 - 05:20 AM (IST)

ਕੱਪੜੇ ਖ਼ਰੀਦਣ ਬਹਾਨੇ ਆਏ ਲੁਟੇਰੇ, ਬੰਦੂਕ ਦਿਖਾ ਕੇ ਦੁਕਾਨਦਾਰ ਮਹਿਲਾ ਤੋਂ ਚੇਨ, ਲਾਕੇਟ ਤੇ ਟਾਪਸ ਲੁੱਟੇ

ਮੋਹਾਲੀ/ਜ਼ੀਰਕਪੁਰ (ਸੰਦੀਪ/ਅਸ਼ਵਨੀ) : ਜ਼ੀਰਕਪੁਰ ਦੇ ਸ਼ਿਵਾ ਇਨਕਲੇਵ ’ਚ ਕੱਪੜੇ ਦੀ ਦੁਕਾਨ ’ਤੇ ਖ਼ਰੀਦਦਾਰੀ ਦੇ ਬਹਾਨੇ 2 ਨੌਜਵਾਨ ਆਏ ਤੇ ਬੰਦੂਕ ਦਿਖਾ ਕੇ ਦੁਕਾਨਦਾਰ ਤੋਂ ਚੇਨ, ਲਾਕੇਟ ਅਤੇ ਟਾਪਸ ਲੁੱਟ ਲਏ। ਦੋਵੇਂ ਮੁਲਜ਼ਮ ਮੋਟਰਸਾਈਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ। ਦੋਵੇਂ ਮੁਲਜ਼ਮ ਦੁਕਾਨਾਂ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਏ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਉਮਰ 24 ਤੋਂ 25 ਸਾਲ ਜਾਪਦੀ ਹੈ। ਥਾਣਾ ਜ਼ੀਰਕਪੁਰ ਪੁਲਸ ਨੇ ਦੁਕਾਨਦਾਰ ਔਰਤ ਮੁਸਕਾਨ ਅਰੋੜਾ ਦੇ ਬਿਆਨਾਂ ਦੇ ਆਧਾਰ ’ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਦੀ ਗੱਲ ਕਹਿ ਕੇ ਚਲੇ ਗਏ
ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁਸਕਾਨ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਦੋ ਨੌਜਵਾਨ ਉਸ ਦੀ ਦੁਕਾਨ ’ਤੇ ਆਏ ਤੇ ਕੱਪੜੇ ਪਸੰਦ ਕਰਨ ਲੱਗੇ। ਕੁਝ ਦੇਰ ਦੁਕਾਨ ’ਤੇ ਕੱਪੜੇ ਦੇਖਣ ਤੋਂ ਬਾਅਦ ਦੋਵਾਂ ਨੇ ਪੈਂਟ ਤੇ ਟੀ-ਸ਼ਰਟ ਪਸੰਦ ਕੀਤੀ। ਇਸ ਤੋਂ ਬਾਅਦ ਕੱਪੜਿਆਂ ਲਈ ਪੈਸੇ ਪੁੱਛੇ ਤੇ ਇਹ ਕਹਿ ਕੇ ਬਾਹਰ ਚਲੇ ਗਏ ਕਿ ਉਹ ਏ.ਟੀ.ਐੱਮ. ਤੋਂ ਪੈਸੇ ਕਢਵਾ ਕੇ ਲਿਆ ਰਹੇ ਹਨ। ਇਸ ਤੋਂ ਬਾਅਦ ਦੋਵਾਂ ਨੂੰ ਪਤਾ ਲੱਗਾ ਕਿ ਉਹ ਦੁਕਾਨ ’ਤੇ ਇਕੱਲੀ ਸੀ। ਕਰੀਬ 15 ਮਿੰਟ ਬਾਅਦ ਦੋਵੇਂ ਨੌਜਵਾਨ ਦੁਬਾਰਾ ਦੁਕਾਨ ’ਤੇ ਆ ਗਏ। ਦੁਕਾਨ ਅੰਦਰ ਦਾਖ਼ਲ ਹੁੰਦੇ ਹੀ ਉਨ੍ਹਾਂ ਨੇ ਮੁਸਕਾਨ ’ਤੇ ਪਿਸਤੌਲ ਤਾਣ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਦੋਵਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਦੇ ਗਲੇ ਵਿਚੋਂ ਸੋਨੇ ਦੀ ਚੇਨ ਅਤੇ ਲਾਕੇਟ ਖੋਹ ਲਿਆ। ਇਸ ਤੋਂ ਬਾਅਦ ਦੋਸ਼ੀਆਂ ਨੇ ਬੇਰਹਿਮੀ ਦਿਖਾਉਂਦੇ ਹੋਏ ਮੁਸਕਾਨ ਦੇ ਕੰਨਾਂ 'ਚ ਪਾਏ ਟਾਪਸ ਵੀ ਖੋਹ ਲਏ।

ਇਹ ਵੀ ਪੜ੍ਹੋ : ਚੀਨੀ ਕੰਪਨੀਆਂ 'ਤੇ ਕੇਂਦਰ ਸਰਕਾਰ ਦੀ ਸਟ੍ਰਾਈਕ, Loan ਅਤੇ Jobs ਦੇ ਨਾਂ 'ਤੇ ਮਾਰ ਰਹੀਆਂ ਸਨ ਠੱਗੀਆਂ

ਮੁਲਜ਼ਮਾਂ ਦੇ ਕੰਨਾਂ ਦੇ ਟਾਪਸ ਖੋਹਣ ’ਤੇ ਮੁਸਕਾਨ ਦੇ ਕੰਨਾਂ ’ਚੋਂ ਖੂਨ ਨਿਕਲਣ ਲੱਗਾ ਤੇ ਉਹ ਦਰਦ ਕਾਰਨ ਚੀਕਣ ਲੱਗੀ। ਇਸ ਤੋਂ ਬਾਅਦ ਮੁਲਜ਼ਮ ਤੁਰੰਤ ਆਪਣੇ ਮੋਟਰਸਾਈਕਲ ’ਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ। ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਜ਼ੀਰਕਪੁਰ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਔਰਤ ਬੋਲੀ- ਕੁਝ ਸਮੇਂ ਬਾਅਦ ਆਉਂਦੇ ਤਾਂ ਬਚ ਜਾਂਦੀ
ਪੀੜਤ ਔਰਤ ਮੁਸਕਾਨ ਨੇ ਪੁਲਸ ਜਾਂਚ ਦੌਰਾਨ ਦੱਸਿਆ ਕਿ ਉਹ ਰੋਜ਼ ਦੁਪਹਿਰ ਦੇ ਸਮੇਂ ਕਰੀਬ 3 ਘੰਟੇ ਦੁਕਾਨ ਨੂੰ ਲੰਚ ਬ੍ਰੇਕ ’ਚ ਬੰਦ ਰੱਖਦੀ ਹੈ। ਉਹ 1 ਵਜੇ ਦੁਕਾਨ ਬੰਦ ਕਰਕੇ ਘਰ ਚਲੀ ਜਾਂਦੀ ਹੈ ਤੇ ਉਸ ਦੇ ਬਾਅਦ ਸ਼ਾਮ 4 ਵਜੇ ਦੁਪਹਿਰ ਤੋਂ ਦੁਕਾਨ ’ਤੇ ਆ ਜਾਂਦੀ ਹੈ ਪਰ ਜਦੋਂ ਦੋਵੇਂ ਲੁਟੇਰੇ ਦੁਕਾਨ ’ਤੇ ਆਏ ਅਤੇ ਉਨ੍ਹਾਂ ਨੂੰ ਕੱਪੜੇ ਪਸੰਦ ਆਏ ਤਾਂ ਉਸ ਨੇ ਸੋਚਿਆ ਕਿ ਉਹ ਪੈਸੇ ਕਢਵਾ ਕੇ ਕੱਪੜੇ ਖਰੀਦਣ ਆਉਣਗੇ, ਇਸ ਲਈ ਉਹ ਦੁਕਾਨ ’ਤੇ ਹੀ ਰੁਕ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News