ਪੰਜਾਬ ''ਚ ਵਧੀ ਅਵਾਰਾ ਕੁੱਤਿਆਂ ਦੀ ਸਮੱਸਿਆ, ਰਿਪੋਰਟ ''ਚ ਸਾਹਮਣੇ ਆਏ ਹੈਰਾਨ ਕਰਦੇ ਅੰਕੜੇ
Saturday, Jun 20, 2026 - 11:12 AM (IST)
ਚੰਡੀਗੜ੍ਹ : ਪੰਜਾਬ 'ਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਮੁੱਖ ਮੰਤਰੀ ਸਿਹਤ ਯੋਜਨਾ (ਐੱਮ. ਐੱਮ. ਐੱਸ. ਵਾਈ.) ਤਹਿਤ ਸਰਕਾਰੀ ਹਸਪਤਾਲਾਂ 'ਚ ਜਾਨਵਰਾਂ ਦੇ ਵੱਢਣ ਦੇ ਇਲਾਜ ਲਈ ਸਭ ਤੋਂ ਵੱਧ ਦਾਅਵੇ ਦਰਜ ਹੋਏ ਹਨ, ਜਿਸ ਨਾਲ ਇਹ ਮਾਮਲਾ ਇੱਕ ਗੰਭੀਰ ਜਨ ਸਿਹਤ ਚੁਣੌਤੀ ਵਜੋਂ ਉੱਭਰਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2025 ਦੌਰਾਨ ਪੰਜਾਬ 'ਚ ਕੁੱਤਿਆਂ ਦੇ ਵੱਢਣ ਦੇ 3.34 ਲੱਖ ਮਾਮਲੇ ਸਾਹਮਣੇ ਆਏ, ਜੋ ਰੋਜ਼ਾਨਾ ਔਸਤ 915 ਕੇਸ ਬਣਦੇ ਹਨ। ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ 'ਚ ਸ਼ਾਮਲ ਰਹੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜਾਨਵਰਾਂ ਦੇ ਕੱਟਣ ਦਾ ਇਲਾਜ ਐਮਰਜੈਂਸੀ ਸੇਵਾ ਵਜੋਂ ਸ਼ਾਮਲ ਹੈ। ਇਸ ਤਹਿਤ ਜ਼ਖ਼ਮਾਂ ਦੀ ਸਫ਼ਾਈ, ਐਂਟੀ-ਰੇਬੀਜ਼ ਟੀਕਾਕਰਨ ਅਤੇ ਲੋੜ ਪੈਣ 'ਤੇ ਰੇਬੀਜ਼ ਇਮਿਊਨੋਗਲੋਬਿਊਲਿਨ ਮੁਹੱਈਆ ਕਰਵਾਇਆ ਜਾਂਦਾ ਹੈ। 7 ਜੂਨ 2026 ਤੱਕ ਦੇ ਅੰਕੜਿਆਂ ਮੁਤਾਬਕ ਸਰਕਾਰੀ ਹਸਪਤਾਲਾਂ 'ਚ ਜਾਨਵਰਾਂ ਦੇ ਕੱਟਣ ਦੇ ਇਲਾਜ ਦੇ 20,903 ਕੇਸ ਦਰਜ ਕੀਤੇ ਗਏ, ਜੋ ਯੋਜਨਾ ਤਹਿਤ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਪੈਕੇਜ ਬਣਿਆ।
ਅੰਕੜਿਆਂ ਅਨੁਸਾਰ ਕ੍ਰੋਨਿਕ ਹੀਮੋਡਾਇਲਿਸਿਸ ਦੇ 11,687 ਕੇਸ ਦਰਜ ਹੋਏ, ਜਿਸ ਨਾਲ ਇਹ ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਪੈਕੇਜ ਰਿਹਾ। ਇਸ ਤੋਂ ਇਲਾਵਾ ਗੋਡਿਆਂ ਦੇ ਬਦਲਾਅ ਦੀ ਸਰਜਰੀ ਦੇ 5,979, ਤੇਜ਼ ਬੁਖ਼ਾਰ ਵਾਲੀ ਬਿਮਾਰੀ (ਏ.ਐੱਫ.ਆਈ.) ਦੇ 5,863 ਅਤੇ ਸੀਜ਼ੇਰੀਅਨ ਡਿਲਿਵਰੀ ਦੇ 5,355 ਕੇਸ ਦਰਜ ਕੀਤੇ ਗਏ। ਜ਼ਿਲ੍ਹਾ-ਵਾਰ ਅੰਕੜਿਆਂ 'ਚ ਵੀ ਜਾਨਵਰਾਂ ਦੇ ਕੱਟਣ ਦੇ ਮਾਮਲੇ ਕਈ ਜ਼ਿਲ੍ਹਿਆਂ 'ਚ ਸਿਖ਼ਰ 'ਤੇ ਰਹੇ। ਹੁਸ਼ਿਆਰਪੁਰ 'ਚ ਸਭ ਤੋਂ ਵੱਧ 1,835 ਕੇਸ ਦਰਜ ਹੋਏ, ਜਦਕਿ ਸ੍ਰੀ ਮੁਕਤਸਰ ਸਾਹਿਬ 'ਚ 1,622, ਪਟਿਆਲਾ ਵਿੱਚ 1,511 ਅਤੇ ਜਲੰਧਰ ਵਿੱਚ 1,383 ਕੇਸ ਸਾਹਮਣੇ ਆਏ।
ਉੱਧਰ, ਲੁਧਿਆਣਾ ਵਿੱਚ ਡਾਇਲਿਸਿਸ ਦੇ ਸਭ ਤੋਂ ਵੱਧ 4,944 ਕੇਸ ਦਰਜ ਕੀਤੇ ਗਏ, ਜਦੋਂ ਕਿ ਨਵਾਂਸ਼ਹਿਰ ਵਿੱਚ 2,134 ਅਤੇ ਕਪੂਰਥਲਾ ਵਿੱਚ 806 ਮਰੀਜ਼ਾਂ ਨੇ ਇਸ ਸੇਵਾ ਦਾ ਲਾਭ ਲਿਆ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਅਤੇ ਕੁੱਤਿਆਂ ਦੇ ਹਮਲਿਆਂ ਵਿੱਚ ਲਗਾਤਾਰ ਵਾਧਾ ਲੋਕਾਂ ਦੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਅਜਿਹੇ ਵਿੱਚ ਸਥਾਨਕ ਪ੍ਰਸ਼ਾਸਨਾਂ ਅਤੇ ਨਗਰ ਨਿਗਮਾਂ ਲਈ ਆਵਾਰਾ ਕੁੱਤਿਆਂ ਦੀ ਸਮੱਸਿਆ 'ਤੇ ਪ੍ਰਭਾਵਸ਼ਾਲੀ ਕੰਟਰੋਲ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ।
