ਕਿਰਚ ਮਾਰ ਕੇ ਕੀਤਾ ਨੌਜਵਾਨ ਦਾ ਕਤਲ

10/17/2018 5:40:43 AM

ਕੋਟਕਪੂਰਾ, (ਨਰਿੰਦਰ)- ਅੱਜ ਇੱਥੇ ਦੁਆਰੇਆਣਾ ਰੋਡ ’ਤੇ ਸਥਿਤ ਸ਼ੇਰ-ਏ-ਪੰਜਾਬ ਨਗਰ ਵਿਚ ਇਕ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੇ ਦਿਨ ਕਿਸੇ ਗੱਲੋਂ 2 ਨੌਜਵਾਨਾਂ ਵਿਚ ਹੋਇਆ ਮਾਮੂਲੀ ਝਗਡ਼ਾ ਇਸ ਕਤਲ ਦਾ ਕਾਰਨ ਬਣਿਆ ਦੱਸਿਆ ਜਾ ਰਿਹਾ ਹੈ।  ਇਸ ਸਬੰਧੀ ਥਾਣਾ ਸਿਟੀ ਪੁਲਸ ਕੋਟਕਪੂਰਾ ਵੱਲੋਂ ਮ੍ਰਿਤਕ ਲਡ਼ਕੇ ਸਤਨਾਮ ਸਿੰਘ ਦੇ ਚਾਚਾ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਅਰਸ਼ਦੀਪ ਸਿੰਘ ਅਰਸ਼ੀ ਪੁੱਤਰ ਬੋਹਡ਼ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਕੋਟਕਪੂਰਾ ਦੇ ਐੱਸ. ਐੱਚ. ਓ. ਖੇਮਚੰਦ ਪਰਾਸ਼ਰ ਤੁਰੰਤ ਮੌਕੇ ’ਤੇ ਪੁੱਜੇ।  ਜਾਣਕਾਰੀ ਦਿੰਦਿਅਾਂ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਜਸਕਰਨ ਸਿੰਘ ਸੇਖੋਂ ਨੇ ਦੱਸਿਆ ਕਿ ਸਤਨਾਮ ਸਿੰਘ (24) ਪੁੱਤਰ ਜੀਤ ਸਿੰਘ ਵਾਸੀ ਸ਼ੇਰ-ਏ-ਪੰਜਾਬ ਨਗਰ ਅਤੇ ਅਰਸ਼ਦੀਪ ਸਿੰਘ ਅਰਸ਼ੀ ਵਿਚਕਾਰ ਕਿਸੇ ਮਾਮੂਲੀ ਗੱਲ ਕਰ ਕੇ ਝਗਡ਼ਾ ਹੋਇਆ ਸੀ। ਮ੍ਰਿਤਕ ਦੇ ਚਾਚੇ ਗੁਰਦੀਪ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਅੱਜ ਦੁਪਹਿਰ 3:00 ਵਜੇ ਦੇ ਕਰੀਬ ਜਦੋਂ ਉਹ ਆਪਣੀ ਭਰਜਾਈ ਨਾਲ ਗਲੀ ਵਿਚ ਜਾ ਰਿਹਾ ਸੀ ਤਾਂ ਇਸ ਦੌਰਾਨ ਅਰਸ਼ੀ ਨੇ ਕਿਰਚ ਸਤਨਾਮ ਸਿੰਘ ਦੀ ਅੱਖ  ’ਚ ਮਾਰੀ, ਜੋ ਕਿ ਸਿਰ ’ਚੋਂ ਆਰ-ਪਾਰ ਹੋ ਗਈ। ਜ਼ਖ਼ਮੀ ਸਤਨਾਮ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ, ਕੋਟਕਪੂਰਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਏ. ਐੱਸ. ਆਈ. ਜਸਕਰਨ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 


Related News