ਵਿਰਸੇ ਦੀਆਂ ਬਾਤਾਂ : ਫਾਜ਼ਿਲਕਾ ਦਾ ਪਿੰਡ ਮੌਜਮ, ਜਿਥੇ ਅੱਜ ਵੀ ਸਾਂਭੀ ਹੋਈ ਹੈ ਬਜ਼ੁਰਗਾਂ ਦੀ ਵਿਰਾਸਤ

Thursday, Mar 03, 2022 - 03:45 PM (IST)

ਵਿਰਸੇ ਦੀਆਂ ਬਾਤਾਂ : ਫਾਜ਼ਿਲਕਾ ਦਾ ਪਿੰਡ ਮੌਜਮ, ਜਿਥੇ ਅੱਜ ਵੀ ਸਾਂਭੀ ਹੋਈ ਹੈ ਬਜ਼ੁਰਗਾਂ ਦੀ ਵਿਰਾਸਤ

ਫਾਜ਼ਿਲਕਾ : ਅੱਜ ਦੇ ਇਸ ਦੌਰ 'ਚ ਜਿੱਥੇ ਮਸ਼ੀਨੀ ਯੁੱਗ ਨੇ ਭਾਵੇਂ ਸਾਨੂੰ ਸੁਖਾਲਾ ਕਰ ਦਿੱਤਾ ਹੈ ਪਰ ਦੂਜੇ ਪਾਸੇ ਇਸ ਮਸ਼ੀਨੀ ਯੁੱਗ ਨੇ ਸਾਡੇ ਬਜ਼ੁਰਗਾਂ ਦੀ ਸਾਂਭੀ ਹੋਈ ਅਨਮੋਲ ਵਿਰਾਸਤ ਤੋਂ ਸਾਨੂੰ ਕੋਹਾਂ ਦੂਰ ਕਰਕੇ ਸਾਡੇ ਬਜ਼ੁਰਗਾਂ ਦੇ ਦਿਲ ’ਤੇ ਗਹਿਰੀ ਸੱਟ ਵੀ ਮਾਰੀ ਹੈ। ਇਸ ਸਬੰਧੀ ਜਗ ਬਾਣੀ/ਪੰਜਾਬ ਕੇਸਰੀ ਦੇ ਪੱਤਰਕਾਰ ਵੱਲੋਂ ਪਿੰਡ ਮੌਜਮ ਦੇ ਇਕ ਘਰ 'ਚ ਹੱਥ ਚੱਕੀ ’ਤੇ ਆਟਾ ਪੀਹ ਰਹੀ ਬਜ਼ੁਰਗ ਔਰਤ ਬਲਵਿੰਦਰੋ ਬਾਈ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਕੋਲ ਇਕ ਹੱਥ ਚੱਕੀ ਹੈ, ਜੋ ਪਹਿਲਾਂ ਉਸ ਦੀ ਦਾਦੀ ਸੱਸ ਕੋਲ ਸੀ ਤਾਂ ਉਨ੍ਹਾਂ ਨੇ ਇਹ ਹੱਥ ਚੱਕੀ ਵਿਰਾਸਤ ਵਜੋਂ ਉਸ ਦੀ ਸੱਸ ਲਾਡੋ ਬਾਈ ਨੂੰ ਦਿੱਤੀ, ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਦਾਦੀ ਦੀ ਮੌਤ ਹੋ ਗਈ, ਜਿਸ ਕਰਕੇ ਉਹ ਜਿਊਂਦੇ ਜੀਅ ਇਹ ਹੱਥ ਚੱਕੀ ਵਿਰਾਸਤ ਵਜੋਂ ਉਸ ਦੀ ਝੋਲੀ ਪਾ ਗਏ ਸਨ, ਜੋ ਵਿਰਾਸਤ ਵਜੋਂ ਉਨ੍ਹਾਂ ਨੇ ਅਜੇ ਵੀ ਸਾਂਭ ਕੇ ਰੱਖੀ ਹੋਈ ਹੈ।

ਇਹ ਵੀ ਪੜ੍ਹੋ : ਸ਼ਾਇਰ ਲੁਧਿਆਣਵੀ: ਜੰਗ ਸਬੰਧੀ ਲਿਖੀ ਇਕ ਮਸ਼ਹੂਰ ਕਵਿਤਾ

ਬਲਵਿੰਦਰੋ ਬਾਈ ਨੇ ਦੱਸਿਆ ਕਿ ਪੁਰਾਣੇ ਜ਼ਮਾਨੇ 'ਚ ਪਿੰਡਾਂ ਦੇ ਲੋਕ ਆਪਣੇ ਘਰਾਂ ਵਿੱਚ ਹੀ ਹੱਥ ਚੱਕੀ ਲਾ ਕੇ ਆਟਾ, ਦਾਲ, ਦਲੀਆ, ਮਸਾਲੇ ਆਦਿ ਸਖ਼ਤ ਮਿਹਨਤ ਕਰਕੇ ਪੀਂਹਦੇ ਸਨ ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ, ਸਾਡਾ ਰੁਝੇਵਾਂ ਮਸ਼ੀਨੀ ਚੱਕੀ ਵੱਲ ਜਾਣ ਲੱਗਾ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਇਹ ਹੱਥ ਚੱਕੀ ਅਲੋਪ ਹੋ ਚੁੱਕੀ ਹੈ। ਅੱਜਕੱਲ੍ਹ ਤਾਂ ਇਹ ਚੱਕੀ ਸਿਰਫ ਫ਼ਿਲਮਾਂ ਜਾਂ ਫਿਰ ਕਿਸੇ ਪ੍ਰਦਰਸ਼ਨੀ ਵਾਲੀ ਥਾਂ ’ਤੇ ਹੀ ਵੇਖਣ ਨੂੰ ਮਿਲਦੀ ਹੈ।  ਉਨ੍ਹਾਂ ਦੱਸਿਆ ਕਿ ਉਹ ਪੁਰਾਣੇ ਸਮੇਂ ’ਚ ਸਾਰੀਆਂ ਭੈਣਾਂ ਅਤੇ ਪਿੰਡ ਦੀਆਂ ਔਰਤਾਂ ਚੱਕੀ ’ਤੇ ਆਟਾ, ਦਾਲ ਪੀਂਹਦੇ ਸਮੇਂ ਨਾਲ-ਨਾਲ ਗੀਤ ਵੀ ਗੁਣ-ਗੁਣਉਂਦੀਆਂ ਸਨ, ਜਿਵੇਂ ‘ਅੱਲ੍ਹਣ-ਬੱਲੜ੍ਹ ਬਾਵੇ ਦਾ ਬਾਵਾ ਕਣਕ ਲਿਆਵੇਗਾ, ਬਾਵੀ ਚੱਕੀ ਪੀਸੇਗੀ, ਪੀਸੇਗੀ ਪਕਾਵੇਗੀ ਬਾਵਾ ਬਹਿ ਕੇ ਖਾਵੇਗਾ।’ ਉਸ ਸਮੇਂ ਪਿੰਡਾਂ, ਸ਼ਹਿਰਾਂ 'ਚ ਮਸ਼ੀਨੀ ਚੱਕੀਆਂ ਨਹੀਂ ਹੁੰਦੀਆਂ ਸਨ ਅਤੇ ਸ਼ਹਿਰੋਂ ਆ ਕੇ ਔਰਤਾਂ ਉਨ੍ਹਾਂ ਦੇ ਘਰ 'ਚ ਹੀ ਇਕੱਠੀਆਂ ਹੋ ਕੇ ਹੱਥ ਚੱਕੀ ’ਤੇ ਹੀ ਆਟਾ, ਦਾਲ ਪੀਂਹਦੀਆਂ ਸਨ। ਉਨ੍ਹਾਂ ਦੱਸਿਆ ਕਿ ਅੱਜ ਦੇ ਦੌਰ 'ਚ ਲੋਕ ਵੀ ਬਦਲ ਗਏ ਹਨ ਪਰ ਉਨ੍ਹਾਂ ਦਾ ਪਰਿਵਾਰ ਅੱਜ ਵੀ ਆਪਣੇ ਪੁਰਖਾਂ ਦੇ ਪੁਰਾਣੇ ਰੀਤੀ-ਰਿਵਾਜ਼ਾਂ ਨਾਲ ਚੱਲਦਾ ਹੈ।

ਇਹ ਵੀ ਪੜ੍ਹੋ : ਸਰਕਾਰਾਂ ਤੇ ਸਾਹਿਤਕਾਰਾਂ ਨੇ ਮਿਲ ਕੇ ਵਿਸਾਰਿਆ ਪੰਜਾਬ ਦਾ ਮਹਾਨ ਸੂਫ਼ੀ ਕਿੱਸਾਕਾਰ ਸੱਯਦ ਵਾਰਿਸ ਸ਼ਾਹ

ਇਸ ਪਿੰਡ 'ਚ ਅੱਜ ਵੀ ਵਿਆਹ ਮੌਕੇ ਨਿਭਾਈ ਜਾਂਦੀ ਹੈ ਚੱਕੀ ਚੁੰਗ ਦੀ ਰਸਮ
ਦੱਸ ਦੇਈਏ ਕਿ ਅੱਜ ਦੇ ਦੌਰ 'ਚ ਜਿਵੇਂ ਲੋਕ ਆਪਣੇ ਘਰ 'ਚ ਵਿਆਹ-ਸ਼ਾਦੀ ਪੁਰਾਣੇ ਸਮੇਂ ਦੇ ਰੀਤੀ-ਰਿਵਾਜ਼ਾਂ ਨੂੰ ਭੁੱਲ ਕੇ ਵੱਖਰੇ ਢੰਗ ਨਾਲ ਕਰਦੇ ਹਨ ਪਰ ਪਿੰਡ ਮੌਜਮ 'ਚ ਲੋਕ ਅਜੇ ਵੀ ਵਿਆਹ ਸਮੇਂ ਚੱਕੀ ਚੁੰਗ ਦੀ ਰਸਮ ਨਿਭਾਉਣਾ ਨਹੀਂ ਭੁੱਲਦੇ ਅਤੇ ਲੜਕੀ ਦੇ ਵਿਆਹ ਮੌਕੇ ਸਾਰੇ ਇਕੱਠੇ ਹੋ ਕੇ ਵਿਆਹ ਵਾਲੀ ਲੜਕੀ ਦੇ ਹੱਥੋਂ ਚੱਕੀ ਚੁੰਗ ਦੀ ਰਸਮ ਕਰਵਾਉਂਦੇ ਹਨ ਤੇ ਨਾਲ ਹੀ ਬਜ਼ੁਰਗ ਔਰਤਾਂ ਪੁਰਾਣੇ ਸਮੇਂ ਦੇ ਗੀਤ ਗਾਉਂਦੀਆਂ ਹਨ।

-ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ


author

Harnek Seechewal

Content Editor

Related News