ਖਸਤਾ ਹਾਲਤ ਇਮਾਰਤ ਕਾਰਣ ਦਲੀਪ ਬਸਤੀ ਸਕੂਲ ਦੇ ਬੱਚੇ ਹੋ ਰਹੇ ਨੇ ਖੱਜਲ

08/21/2019 1:01:51 AM

ਬਾਘਾਪੁਰਾਣਾ, (ਚਟਾਨੀ)- ਦਲਿਤ ਵਿਦਿਆਰਥੀਆਂ ਦੀ ਵੱਡੀ ਗਿਣਤੀ ਵਾਲੇ ਦਲੀਪ ਬਸਤੀ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਹਾਲਤ ਇੰਨੀਂ ਦਿਨੀਂ ਬੇਹੱਦ ਤਰਸਯੋਗ ਬਣੀ ਪਈ ਹੈ, ਕਿਉਂਕਿ ਬਸਤੀ ਦੇ ਸਕੂਲ ਦੀ ਇਮਾਰਤ ਨੂੰ ਅਣਸੁਰੱਖਿਅਤ ਐਲਾਨਿਆ ਗਿਆ ਹੋਣ ਕਰਕੇ ਵਿਦਿਆਰਥੀ ਇਧਰ-ਓਧਰ ਭਟਕਦੇ ਫਿਰ ਰਹੇ ਹਨ। ਚਿਰਾਂ ਤੋਂ ਖਸਤਾ ਹਾਲਤ ਵਾਲੇ ਉਕਤ ਸਕੂਲ ਦੀ ਇਮਾਰਤ ਦੇ ਨਵਨਿਰਮਾਣ ਵਾਲੇ ਪਾਸੇ ਤੋਂ ਵਿਭਾਗ ਦੀ ਨਜ਼ਰ ਅਜੇ ਸਵੱਲੀ ਹੋ ਸਕਣੀ ਅਸੰਭਵ ਹੈ, ਪਰ ਜ਼ਿਲਾ ਸਿੱਖਿਆ ਅਫਸਰ ਮੋਗਾ ਨੇ ਆਪਣੇ ਪੱਤਰ ਨੰਬਰ ਜ. 1/2014/ਇਮਾਰਤ/2019-223227 ਰਾਹੀਂ ਵਿਦਿਆਰਥੀਆਂ ਨੂੰ ਮੁੱਦਕੀ ਰੋਡ ਵਾਲੇ ਵੱਡੇ ਸਕੂਲ ਵਿਚ ਤਬਦੀਲ ਕਰਨ ਦੇ ਹੁਕਮ ਦੇ ਦਿੱਤੇ ਹਨ।

1 ਅਗਸਤ ਤੋਂ ਉਕਤ ਸਕੂਲ ਦੇ ਕੁੱਲ 149 ਬੱਚਿਆਂ ਨੂੰ ਜਿਹਡ਼ੇ ਸਕੂਲ ਵਿਚ ਤਬਦੀਲ ਕੀਤਾ ਹੈ ਉਸ ਸਕੂਲ ਕੋਲ ਆਪਣੇ ਵਿਦਿਆਰਥੀਆਂ ਨੂੰ ਸੰਭਾਲਣ ਲਈ ਲੋਡ਼ੀਂਦੇ ਕਮਰੇ ਵੀ ਨਹੀਂ ਹਨ। ਸਿੱਟੇ ਵਜੋਂ ਹੁਣ ਦਲੀਪ ਬਸਤੀ ਵਾਲੇ ਸਕੂਲ ਦੇ ਬੱਚੇ ਕਦੇ ਬਰਾਂਡਿਆਂ ਵਿਚ ਅਤੇ ਕਦੇ ਖੁੱਲੇ ਆਸਮਾਨ ਹੇਠ ਬੈਠਦੇ ਹਨ। ਬੀਤੇ ਦਿਨੀਂ ਪਈ ਬਾਰਸ਼ ਦੌਰਾਨ ਤਾਂ ਇੰਨਾਂ ਬੱਚਿਆਂ ਦੀ ਹਾਲਤ ਤਰਸਯੋਗ ਬਣੀ ਦੇਖੀ ਗਈ।

ਸਕੂਲ ਦੇ ਮੁਖੀ ਅਤੇ ਬਾਕੀ ਸਟਾਫ ਦਾ ਕਹਿਣਾ ਹੈ ਕਿ ਉਹ ਬੱਚਿਆਂ ਦੀ ਪਡ਼੍ਹਾਈ ਨੂੰ ਬੇਰੋਕ ਜਾਰੀ ਰੱਖਣ ਲਈ ਜਦੋ-ਜਹਿਦ ਤਾਂ ਕਰ ਰਹੇ ਹਨ, ਪਰ ਇਮਾਰਤ ਤੋਂ ਬਗੈਰ ਅਜਿਹਾ ਜਿਆਦਾ ਦੇਰ ਸੰਭਵ ਨਹੀਂ ਹੋ ਸਕਦਾ। ਗਰੀਬ ਪਰਿਵਾਰਾਂ ਦੇ ਬੱਚਿਆਂ ਕੋਲ ਵੈਨ ਆਦਿ ਦੇ ਕਿਰਾਏ ਦੀ ਸਮਰੱਥਾ ਵੀ ਨਹੀਂ ਅਤੇ ਮਾਪਿਆਂ ਕੋਲ ਵੀ ਵਾਹਨ ਆਦਿ ਨਾ ਹੋਣ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਵੱਡੇ ਸਕੂਲ ਤੱਕ ਦਾ ਲੰਬਾ ਰਸਤਾ ਤੈਅ ਕਰਕੇ ਜਾਣਾ ਮੁਸ਼ਕਲ ਹੋਇਆ ਪਿਆ ਹੈ। ਓਧਰ ਤਾਦਾਦ ਦੇ ਮੁਕਾਬਲੇ ਛੋਟੀ ਇਮਾਰਤ ਕਾਰਣ ਮੁਖ ਸਕੁੂਲ ਦੇ ਪ੍ਰਬੰਧਕ ਪਹਿਲਾਂ ਹੀ ਮੁਸ਼ਕਲਾਂ ਨਾਲ ਦੋ ਹੱਥ ਕਰਦੇ ਆ ਰਹੇ ਸਨ ਜਿਨ੍ਹਾਂ ਲਈ ਹੁਣ ਹੋਰ ਬੱਚੇ ਸੰਭਾਲਣਾ ਬੇਹੱਦ ਮੁਸ਼ਕਲ ਹੈ। ਪਤਾ ਲੱਗਾ ਕਿਹਾ ਕਿ ਸਿੱਖਿਆ ਵਿਭਾਗ ਨੇ ਅਜੇ ਨਵੀਂ ਇਮਾਰਤ ਸਬੰਧੀ ਕੋਈ ਕਰਵਟ ਨਹੀਂ ਲਈ ਜੋ ਬੱਚਿਆਂ ਅਤੇ ਮਾਪਿਆਂ ਤੋਂ ਇਲਾਵਾ ਸਟਾਫ ਲਈ ਵੀ ਚਿੰਤਾ ਦਾ ਵਿਸ਼ਾ ਹੈ।

ਸਕੂਲ ਵਾਲੇ ਖੇਤਰ ਦੇ ਸਬੰਧਤ ਕੌਂਸਲਰ ਜਗਸੀਰ ਸਿੰਘ ਜੱਗਾ ਅਤੇ ਸਕੂਲ ਮੈਨੇਜ਼ਮੈਂਟ ਕਮੇਟੀ ਦੀ ਚੇਅਰਮੈਨ ਸੁਨੀਤਾ ਰਾਣੀ ਇਮਾਰਤ ਦੇ ਨਵ ਨਿਰਮਾਣ ਲਈ ਭੱਜ ਨੱਠ ਜ਼ਰੂਰ ਕਰ ਰਹੀ ਹੈ। ਮਾਪਿਆਂ ਨੇ ਡਿਪਟੀ ਕਮਿਸ਼ਨਰ ਮੋਗਾ, ਐੱਸ. ਡੀ. ਐੱਮ. ਬਾਘਾਪੁਰਾਣਾ, ਜ਼ਿਲਾ ਸਿੱਖਿਆ ਅਫਸਰ ਮੋਗਾ ਅਤੇ ਹਲਕਾ ਵਿਧਾਇਕ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਦੇ ਹੱਲ ਲਈ ਉਚੇਚਾ ਧਿਆਨ ਦੇਣ।

ਜ਼ਿਲਾ ਸਿੱਖਿਆ ਅਫਸਰ ਦਾ ਪੱਖ

ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ ਨੇ ਪੁੱਛੇ ਜਾਣ ’ਤੇ ਦੱਸਿਆ ਕਿ ਸਕੂਲ ਦੀ ਇਮਾਰਤ ਦੇ ਨਵਨਿਰਮਾਣ ਸਬੰਧੀ ਲੋਡ਼ੀਂਦੀ ਗ੍ਰਾਂਟ ਵਾਸਤੇ ਚਾਰਾਜੋਈ ਆਰੰਭ ਦਿੱਤੀ ਗਈ ਹੈ ਅਤੇ ਜਲਦ ਹੀ ਗ੍ਰਾਂਟ ਪ੍ਰਾਪਤ ਹੋ ਜਾਵੇਗੀ ਜਦ ਵੀ ਗ੍ਰਾਂਟ ਆਈ ਨਿਰਮਾਣ ਕਾਰਜ ਤੁਰੰਤ ਆਰੰਭ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਅਤੇ ਮਾਪਿਆਂ ਦੀਆਂ ਮੁਸ਼ਕਲਾਂ ਸਬੰਧੀ ਸੁਚੇਤ ਹਨ ਅਤੇ ਹੱਲ ਲਈ ਹੱਥ ਤੇ ਹੱਥ ਧਰ ਕੇ ਨਹੀਂ ਬੈਠਣਗੇ।

ਮੁੱਖ ਸਕੂਲ ਦੀ ਇੰਚਾਰਜ ਦਾ ਪੱਖ

ਜਿਸ ਸਕੂਲ ’ਚ ਬੱਚੇ ਸ਼ਿਫਟ ਕੀਤੇ ਗਏ ਹਨ ਉਸ ਸਕੂਲ ਦੀ ਮੁੱਖ ਅਧਿਆਪਕ ਬਲਜੀਤ ਕੌਰ ਦਾ ਕਹਿਣਾ ਸੀ ਕਿ ਉਹ ਤਾਂ ਪਹਿਲਾਂ ਹੀ ਲੋਡ਼ੀਂਦੇ 7 ਕਮਰਿਆਂ ਦੀ ਬਜਾਏ ਸਿਰਫ 5 ਕਮਰਿਆਂ ਨਾਲ ਹੀ ਡੰਗ ਟਪਾ ਰਹੇ ਹਨ ਅਤੇ ਹੁਣ ਹੋਰ 150 ਬੱਚਿਆਂ ਨੂੰ ਕਮਰੇ ਆਦਿ ਦੇ ਸਕਣਾ ਕਿਸੇ ਵੀ ਤਰਾਂ ਸੰਭਵ ਨਹੀਂ।

ਦਲੀਪ ਬਸਤੀ ਸਕੂਲ ਦੀ ਇੰਚਾਰਜ ਦਾ ਪੱਖ

ਦਲੀਪ ਬਸਤੀ ਸਕੂਲ ਦੀ ਇੰਚਾਰਜ ਨੀਲਮ ਰਾਣੀ ਦਾ ਕਹਿਣਾ ਹੈ ਕਿ ਖਸਤਾ ਹਾਲਤ ਇਮਾਰਤ ਹੋਣ ਕਰਕੇ ਬੱਚਿਆਂ ਨੂੰ ਉਥੇ ਪਡ਼ਾਉਣਾ ਵੱਡੇ ਖਤਰੇ ਵਾਲੀ ਗੱਲ ਹੈ। ਵਿਭਾਗ ਕੋਲੋਂ ਨਵੀਂ ਇਮਾਰਤ ਲਈ ਬਿਨੈ ਪੱਤਰ ਭੇਜਿਆ ਗਿਆ ਹੈ। ਜਲਦ ਹੀ ਇਸ ਪਾਸੇ ਵੱਲ ਸਾਰਥਕ ਕਾਰਵਾਈ ਦੀ ਸੰਭਾਵਨਾ ਹੈ। ਸਕੂਲ ਸਟਾਫ ਨੇ ਕਿਹਾ ਕਿ ਕਮਰਿਆਂ ਦੀ ਘਾਟ ਕਾਰਨ ਬੱਚੇ ਪ੍ਰੇਸ਼ਾਨ ਜ਼ਰੂਰ ਹੋ ਰਹੇ ਹਨ।


Bharat Thapa

Content Editor

Related News