ਚੱਕਰਵਾਤੀ ਤੂਫ਼ਾਨ ਨੇ ਮਚਾਇਆ ਕਹਿਰ, 4 ਦਰਜਨ ਘਰ ਸਣੇ ਫਸਲਾਂ ਤਬਾਹ
03/26/2023 3:10:25 PM

ਫਾਜ਼ਿਲਕਾ (ਨਾਗਪਾਲ)– ਫ਼ਾਜ਼ਿਲਕਾ ਉਪ-ਮੰਡਲ ਦੇ ਕਰੀਬ 4500 ਦੀ ਆਬਾਦੀ ਵਾਲੇ ਪਿੰਡ ਬਕੈਣਵਾਲਾ ’ਚ ਬੀਤੇ ਦਿਨ ਆਏ ਤੂਫ਼ਾਨ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤੂਫ਼ਾਨ ’ਚ ਚਾਰ ਦਰਜਨ ਦੇ ਕਰੀਬ ਘਰਾਂ ਨੂੰ ਨੁਕਸਾਨ ਪੁੱਜਾ ਹੈ। ਇਨ੍ਹਾਂ ’ਚ ਕਈ ਪੱਕੇ ਮਕਾਨਾਂ ’ਚ ਤਰੇੜਾਂ ਨਜ਼ਰ ਆਈਆਂ, ਕਈਆਂ ਦੀਆਂ ਕੰਧਾਂ ਢਹਿ ਗਈਆਂ ਅਤੇ ਕੁਝ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ, ਜਦਕਿ ਕੱਚੇ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ।
ਇਹ ਵੀ ਪੜ੍ਹੋ- CIA ਸਟਾਫ਼ ਵੱਲੋਂ 20 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਵਿਅਕਤੀ ਗ੍ਰਿਫ਼ਤਾਰ
ਇਸ ਤੂਫ਼ਾਨ ਕਾਰਨ ਮਲਬੇ ਹੇਠ ਦੱਬੇ ਜਾਂ ਜਿਨ੍ਹਾਂ ’ਤੇ ਕੰਧਾਂ ਡਿੱਗ ਗਈਆਂ ਸਨ, ਕਾਰਨ 9 ਵਿਅਕਤੀ ਜ਼ਖ਼ਮੀ ਹੋ ਗਏ। ਇਸ ਝੱਖੜ ’ਚ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ, ਉੱਥੇ ਹੀ ਕਿੰਨੂ ਫ਼ਲ ਦੇ ਬਾਗ ਵੀ ਪ੍ਰਭਾਵਿਤ ਹੋਏ ਹਨ। ਪਿੰਡ ਵਾਸੀ ਰਾਜ ਸਿੰਘ ਅਤੇ ਕਈ ਹੋਰਾਂ ਦਾ ਕਿੰਨੂ ਦਾ ਬਾਗ ਪ੍ਰਭਾਵਿਤ ਹੋਇਆ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਜੋ ਸਹਾਇਤਾ ਉਨ੍ਹਾਂ ਨੂੰ ਬਿਨਾਂ ਦੇਰੀ ਤੋਂ ਮਿਲਣੀ ਚਾਹੀਦੀ ਹੈ, ਉਹ ਮੁਹੱਈਆ ਕਰਵਾਈ ਜਾਵੇ, ਜਿਸ ਤੋਂ ਬਾਅਦ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦਿੱਤਾ ਜਾਵੇ। ਇਕ ਪਾਸੇ ਭਾਰਤ-ਪਾਕਿ ਸਰਹੱਦ ਅਤੇ ਦੂਜੇ ਪਾਸੇ ਪੜੋਸੀ ਰਾਜ ਰਾਜਸਥਾਨ ਦੇ ਨਾਲ ਇਸ ਪਿੰਡ ਦੀ ਸਰਹੱਦ ਲੱਗਦੀ ਹੈ। ਸਰਹੱਦੀ ਪਿੰਡ ਹੋਣ ਕਾਰਨ ਪਿੰਡ ਵਾਸੀਆਂ ਨੂੰ ਪਹਿਲਾਂ ਹੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ
ਫਾਜ਼ਿਲਕਾ ਦੀ ਡੀ. ਸੀ. ਡਾ. ਸੇਨੂੰ ਦੁੱਗਲ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਬੀਤੀ ਸ਼ਾਮ ਪਿੰਡ ਦਾ ਦੌਰਾ ਕੀਤਾ ਸੀ। ਡੀ. ਸੀ. ਨੇ ਦੱਸਿਆ ਕਿ ਅਧਿਕਾਰੀਆਂ ਵਲੋਂ ਆਉਣ ਵਾਲੇ ਦਿਨਾਂ ’ਚ ਨੁਕਸਾਨ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤੋਂ ਬਾਅਦ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਲੋੜੀਂਦਾ ਰਾਸ਼ਨ ਅਤੇ ਹੋਰ ਸਾਮਾਨ ਪ੍ਰਭਾਵਿਤ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਚਰਚਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗੀ ਵਿਸ਼ੇਸ਼ ਇਕੱਤਰਤਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।