ਬਿਜ਼ਨੈੱਸਮੈਨ ਦੇ ਘਰ ਦੇ ਬੂਥਰੂਮ ’ਚ ਲਟਕਦੀ ਮਿਲੀ 14 ਸਾਲਾ ਨੌਕਰਾਣੀ ਦੀ ਲਾਸ਼
Monday, Jan 07, 2019 - 06:02 AM (IST)
ਲੁਧਿਆਣਾ, (ਰਿਸ਼ੀ)- ਸ਼ਨੀਵਾਰ ਰਾਤ ਲਗਭਗ 12 ਵਜੇ ਦੁੱਗਰੀ ਫੇਜ਼-1 ’ਚ ਬਿਜ਼ਨੈੱਸਮੈਨ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਅਨੀਤਾ (14) ਦੀ ਲਾਸ਼ ਉਪਰਲੀ ਮੰਜ਼ਿਲ ’ਤੇ ਬਣੇ ਬਾਥਰੂਮ ’ਚ ਸ਼ਾਵਰ ਨਾਲ ਰੱਸੀ ਦੇ ਸਹਾਰੇ ਲਟਕਦੀ ਮਿਲੀ। ਘਟਨਾ ਸਥਾਨ ’ਤੇ ਪੁੱਜੀ ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ’ਚ ਰਖਵਾ ਦਿੱਤੀ। ਗਰਦਨ ’ਤੇ ਕਈ ਨਿਸ਼ਾਨ ਹੋਣ ਕਾਰਨ ਐਤਵਾਰ ਨੂੰ ਡਾ. ਮਿਲਨ, ਡਾ. ਰਮਨਦੀਪ ਕੌਰ ਤੇ ਡਾ. ਅਨੂ ਪ੍ਰਿਯਾ ਨੇ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਹੁਣ ਸੋਮਵਾਰ ਨੂੰ ਬਾਹਰੋਂ ਆਉਣ ਵਾਲੇ ਫਾਰੈਂਸਿਕ ਡਾਕਟਰ ਨਾਲ ਮਿਲ ਕੇ ਡਾਕਟਰਾਂ ਦਾ ਨਵਾਂ ਬਣਨ ਵਾਲਾ ਬੋਰਡ ਲਾਸ਼ ਦਾ ਪੋਸਟਮਾਰਟਮ ਕਰੇਗਾ, ਜਿਸ ਤੋਂ ਬਾਅਦ ਮੌਤ ਦਾ ਰਾਜ਼ ਖੁੱਲ੍ਹੇਗਾ।
ਜਾਣਕਾਰੀ ਦਿੰਦੇ ਹੋਏ ਛੋਟੀ ਜਵੱਦੀ ਦੇ ਰਹਿਣ ਵਾਲੇ ਮ੍ਰਿਤਕਾ ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ 5 ਬੇਟੇ ਤੇ 2 ਬੇਟੀਆਂ ਹਨ। ਲਗਭਗ 2 ਮਹੀਨੇ ਪਹਿਲਾਂ ਉਨ੍ਹਾਂ ਦੇ ਵਿਹਡ਼ੇ ’ਚ ਰਹਿਣ ਵਾਲੀ ਇਕ ਔਰਤ ਨੇ ਬੇਟੀ ਅਨੀਤਾ ਨੂੰ ਉਕਤ ਬਿਜ਼ਨੈੱਸਮੈਨ ਦੇ ਘਰ ਕੰਮ ’ਤੇ ਰਖਵਾਇਆ ਸੀ। ਬੇਟੀ ਉਥੇ ਰਹਿੰਦੀ ਸੀ ਤੇ ਰਸੋਈ ਦਾ ਕੰਮ ਸੰਭਾਲਦੀ ਸੀ। ਸ਼ਨੀਵਾਰ ਰਾਤ ਲਗਭਗ 2 ਵਜੇ ਘਰ ਦਾ ਮਾਲਕ ਉਨ੍ਹਾਂ ਦੇ ਵਿਹਡ਼ੇ ’ਚ ਆਇਆ ਤੇ ਬੇਟੀ ਦੀ ਹਾਲਤ ਖਰਾਬ ਹੋਣ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਿਆ। ਜਦ ਉਹ ਉਥੇ ਪੁੱਜੇ ਤਾਂ ਬੇਟੀ ਦੀ ਲਾਸ਼ ਮੰਜੇ ’ਤੇ ਪਈ ਹੋਈ ਸੀ। ਪੁਲਸ ਨੇ ਉਨ੍ਹਾਂ ਨੂੰ ਦੱਸਿਆ ਕਿ ਬੇਟੀ ਨੇ ਖੁਦਕੁਸ਼ੀ ਕੀਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਚਮਨ ਸਿੰਘ ਅਨੁਸਾਰ ਘਰ ਦੇ ਮਾਲਕ ਉਪਕਾਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਫੋਕਲ ਪੁਆਇੰਟ ’ਚ ਫੈਕਟਰੀ ਹੈ। ਸ਼ਨੀਵਾਰ ਰਾਤ ਨੂੰ ਨੌਕਰਾਣੀ ਲਗਭਗ 11.45 ਵਜੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਖਾਣਾ ਖੁਆਉਣ ਦੇ ਬਾਅਦ ਬਾਥਰੂਮ ਕਰਨ ਦੇ ਬਹਾਨੇ ਉਪਰਲੀ ਮੰਜ਼ਿਲ ’ਤੇ ਗਈ ਸੀ ਪਰ ਕਾਫੀ ਸਮੇਂ ਤੱਕ ਵਾਪਸ ਨਾ ਆਉਣ ’ਤੇ ਜਦ ਉਸ ਨੂੰ ਦੇਖਣ ਉਪਰ ਗਏ ਤਾਂ ਲਾਸ਼ ਬਾਥਰੂਮ ’ਚ ਲਟਕ ਰਹੀ ਸੀ, ਜਿਸ ਦੇ ਬਾਅਦ ਤੁਰੰਤ ਉਸ ਦੇ ਰਿਸ਼ਤੇਦਾਰਾਂ ਨੂੰ ਲਿਆਂਦਾ ਗਿਆ।
2 ਦਿਨ ਪਹਿਲਾਂ ਛੱਡ ਗਈ ਕੰਮ ’ਤੇ ਮਾਂ
ਪਿਤਾ ਰਾਜੇਸ਼ ਅਨੁਸਾਰ ਨਵੇਂ ਸਾਲ ’ਤੇ ਉਨ੍ਹਾਂ ਨੇ ਘਰ ਦੇ ਮਾਲਕ ਨੂੰ ਬੇਟੀ ਨੂੰ ਘਰ ਭੇਜਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਨੇ ਉਸ ਦਿਨ ਨਹੀਂ ਭੇਜਿਆ, ਅਗਲੇ ਦਿਨ ਬੇਟੀ ਘਰ ਆਈ ਸੀ ਤੇ 3 ਜਨਵਰੀ ਨੂੰ ਸਵੇਰੇ 10 ਵਜੇ ਮਾਂ ਤਾਰਾਵਤੀ ਬੇਟੀ ਨੂੰ ਕੰਮ ’ਤੇ ਛੱਡ ਕੇ ਆਈ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੁਣ ਬੇਟੀ ਘਰ ਵਾਪਸ ਨਹੀਂ ਆਵੇਗੀ।
ਰਿਸ਼ਤੇਦਾਰਾਂ ਨੇ ਕੀਤਾ ਹੰਗਾਮਾ
ਦੇਰ ਰਾਤ ਮੌਤ ਦੀ ਖਬਰ ਪਤਾ ਲੱਗਣ ਬਾਅਦ ਇਕ-ਇਕ ਕਰ ਕੇ ਸਾਰੇ ਰਿਸ਼ਤੇਦਾਰ ਇਕੱਠੇ ਹੋਣ ਲੱਗ ਪਏ ਤੇ ਪੁਲਸ ਨੂੰ ਤੁਰੰਤ ਕਾਰਵਾਈ ਦਾ ਕਹਿ ਕੇ ਥਾਣਾ ਦੁੱਗਰੀ ਦੇ ਬਾਹਰ ਹੰਗਾਮਾ ਵੀ ਕੀਤਾ ਪਰ ਸਮਾਂ ਰਹਿੰਦੇ ਪੁਲਸ ਨੇ ਸਥਿਤੀ ਕੰਟਰੋਲ ’ਚ ਕਰ ਲਈ।
ਸੋਮਵਾਰ ਨੂੰ ਲਾਸ਼ ਦਾ ਪੋੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਦੇ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
-ਚਮਨ ਸਿੰਘ, ਏ. ਐੱਸ. ਆਈ. (ਜਾਂਚ ਅਧਿਕਾਰੀ)
