ਨਹੀਂ ਹੱਲ ਹੋ ਰਿਹਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ ਸਰਗਰਮ ਮਾਮਲਾ

08/13/2022 6:13:20 PM

ਜ਼ੀਰਾ (ਗੁਰਮੇਲ ਸੇਖਵਾਂ) : ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਸਥਿਤ ਸ਼ਰਾਬ ਫੈਕਟਰੀ ਦੇ ਬਾਹਰ ਫੈਕਟਰੀ ਦੇ ਗੰਦੇ ਪਾਣੀ ਨੂੰ ਲੈ ਕੇ ਉੱਠਿਆ ਵਿਵਾਦ ਹੱਲ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਦਿਨੋਂ ਦਿਨ ਇਹ ਮਾਮਲਾ ਸਰਗਰਮ ਹੁੰਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਲਗਾਤਾਰ ਫੈਕਟਰੀ ਦੇ ਸਾਹਮਣੇ ਜਾਰੀ ਹੈ ਅਤੇ ਅੱਜ ਇਸ ਧਰਨੇ ਵਿਚ ਕਿਸਾਨਾਂ ਤੇ ਲੋਕਾਂ ਦੀ ਗੱਲ ਸੁਣਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸਾਂਸਦ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਾਮਲ ਹੋਏ, ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਸ਼ਰਾਬ ਫੈਕਟਰੀ ਪਾਣੀ ਨੂੰ ਗੰਦਾ ਕਰ ਰਹੀ ਹੈ ਤਾਂ ਇਸ ਨੂੰ ਬੰਦ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਂਸਦ ਸਿਮਰਨਜੀਤ ਸਿੰਘ ਮਾਨ ਤੱਕ ਪ੍ਰਦਰਸ਼ਨਕਾਰੀਆਂ ਦਾ ਮੰਗ ਪੱਤਰ ਜਲਦ ਹੀ ਪਹੁੰਚਾ ਦਿੱਤਾ ਜਾਵੇਗਾ ਤੇ ਸੰਸਦ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਚੁੱਕਿਆ ਜਾਵੇਗਾ। ਦੱਸਣਯੋਗ ਹੈ ਕਿ ਕਿਸਾਨਾਂ ਤੇ ਲੋਕਾਂ ਦੇ ਧਰਨੇ ਦੇ ਸਾਹਮਣੇ ਫੈਕਟਰੀ ਕਰਮਚਾਰੀਆਂ ਦਾ ਵੀ ਧਰਨਾ ਜਾਰੀ ਹੈ ਅਤੇ ਉਹ ਇਸ ਧਰਨੇ ਨੂੰ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ ਤਾਂ ਕਿ ਫੈਕਟਰੀ ਦਾ ਕੰਮ ਸ਼ੁਰੂ ਹੋ ਸਕੇ ਅਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਸ੍ਰੀ ਮੁਕਤਸਰ ਸਾਹਿਬ ਦੇ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਧਰਨੇ ਵਿਚ ਸ਼ਾਮਲ ਗੁਰਜੰਟ ਸਿੰਘ ਰਟੌਲ ਰੋਹੀ ਸਾਬਕਾ ਸਰਪੰਚ, ਫਤਿਹ ਸਿੰਘ ਢਿੱਲੋਂ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ
, ਸਾਬਕਾ ਸਰਪੰਚ ਕੱਸੋਆਣਾ ਨੈਬ ਸਿੰਘ ਸੇਖਵਾਂ, ਰਾਜ ਸਿੰਘ, ਅਮਰੀਕ ਸਿੰਘ ਕਿਸਾਨ ਯੂਨੀਅਨਾਂ ਖੋਸਾ ਦੇ ਪ੍ਰਧਾਨ, ਸਰਪੰਚ ਰਟੋਲ ਰੋਹੀ, ਮਨਜਿੰਦਰ ਕੌਰ ਤੇ ਗੁਰਮੇਲ ਸਿੰਘ ਸਰਪੰਚ ਮਨਸੂਰਵਾਲ ਨੇ ਸਰਦਾਰ ਜਸਕਰਨ ਸਿੰਘ ਨੂੰ ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ ਅਤੇ ਕਿਹਾ ਕਿ ਉਹ ਆਪਣਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਸ਼ਰਾਬ ਫੈਕਟਰੀ ਬੰਦ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਫੈਕਟਰੀ ਬੰਦ ਕਰਵਾਉਣ ਦੇ ਬਾਅਦ ਹੀ ਕਿਸਾਨ ਤੇ ਲੋਕ ਆਪਣਾ ਧਰਨਾ ਇਥੋਂ ਚੁੱਕਣਗੇ।

 PunjabKesari

ਪ੍ਰਦਰਸ਼ਨਕਾਰੀਆਂ ਨੇ ਜ਼ੀਰਾ ਸ਼ਹਿਰ ਵਿੱਚ ਕੱਢਿਆ ਰੋਸ ਮਾਰਚ  
ਅੱਜ ਦੇ ਧਰਨੇ ਦੇ ਬਾਅਦ ਕਿਸਾਨਾਂ ਅਤੇ ਆਮ ਲੋਕਾਂ ਨੇ ਜ਼ੀਰਾ ਸ਼ਹਿਰ ਦੇ ਲੋਕਾਂ ਨੂੰ ਉਨ੍ਹਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਪ੍ਰਤੀ ਜਾਗਰੂਕ ਕਰਨ ਅਤੇ ਫੈਕਟਰੀ ਨੂੰ ਬੰਦ ਕਰਵਾਉਣ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਰੋਸ ਮਾਰਚ ਕੱਢਿਆ ਅਤੇ ਫੈਕਟਰੀ ਦੇ ਸੰਚਾਲਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਕਰ ਰਹੇ ਲੋਕਾਂ ਨੇ ਕਿਹਾ ਕਿ ਫੈਕਟਰੀ ਦੇ ਕਾਰਨ ਆਸਪਾਸ ਦੇ ਖੇਤਰ ਦਾ ਪਾਣੀ ਗੰਦਾ ਹੋ ਰਿਹਾ ਹੈ ਅਤੇ ਇੱਥੋਂ ਦੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਦੇ ਚੱਲਦੇ ਇਹ ਫੈਕਟਰੀ ਬੰਦ ਹੋਣੀ ਬਹੁਤ ਜ਼ਰੂਰੀ ਹੈ। 

ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਵਿਚ ਡਟੇ  
ਐੱਸਡੀਐੱਮ ਰਵਿੰਦਰਪਾਲ ਸਿੰਘ ਅਤੇ ਡੀਐਸਪੀ ਪਲਵਿੰਦਰ ਸਿੰਘ ਦੀ ਦੇਖ ਰੇਖ ਹੇਠ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਕਰਮਚਾਰੀ ਧਰਨਾ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਲਈ ਡਟੇ ਹੋਏ ਹਨ ਤਾਂ ਕਿ ਇੱਥੇ ਟਕਰਾਅ ਦੀ ਸਥਿਤੀ 'ਤੇ ਕਾਬੂ ਪਾਇਆ ਜਾ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News