ਟੈਸਟਿੰਗ ਅਤੇ ਟੀਕਾਕਰਣ ਸਮੇਂ ਦੀ ਲੋੜ ਹੈ: ਸੰਜੀਵ ਸ਼ਰਮਾ

05/09/2021 11:36:05 AM

ਭਗਤਾ ਭਾਈ  (ਪਰਮਜੀਤ ਢਿੱਲੋਂ): ਕੋਵਿਡ-19 ਦਾ ਛੇਤੀ ਪਤਾ ਲਗਾਉਣ ਲਈ ਟੈਸਟਿੰਗ ਬਹੁਤ ਜ਼ਰੂਰੀ ਹੈ। ਜੇ ਜਾਂਚ ਸ਼ੁਰੂਆਤੀ ਪੜਾਅ 'ਤੇ ਹੀ ਹੋ ਜਾਵੇ ਤਾਂ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ।ਟੀਕਾਕਰਨ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਮਹੱਤਵਪੂਰਨ ਹੈ।ਇਹ ਦੋਵੇਂ ਚੀਜ਼ਾਂ ਸਮੇਂ ਦੀ ਲੋੜ ਹੈ ਅਤੇ ਸਿਹਤ ਵਿਭਾਗ ਇਸ 'ਤੇ ਦਿਨ ਰਾਤ ਕੰਮ ਕਰ ਰਿਹਾ ਹੈ।ਇਸ ਗੱਲ ਦਾ ਪ੍ਰਗਟਾਵਾ ਸਿਹਤ ਵਿਭਾਗ ਦੇ ਮੁਲਾਜ਼ਮਾਂ ਨਾਲ ਮੀਟਿੰਗ ਕਰਦੇ ਬਲਾਕ ਭਗਤਾ ਭਾਈ ਦੇ ਐਜੂਕੇਟਰ ਸੰਜੀਵ ਸ਼ਰਮਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਤਹਿ ਕੀਤੇ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਮੇਂ ਸਿਰ ਟੈਸਟ ਕਰਨ ਨਾਲ ਮੌਤ ਦਰ ਵੀ ਘਟੇਗੀ। ਲੋਕ ਜਲਦੀ ਟੈਸਟ ਕਰਵਾਉਣ ਤੋਂ ਝਿਜਕਦੇ ਹਨ, ਜਿਸ ਨਾਲ ਅਜਿਹੇ ਵਿਅਕਤੀਆਂ ਵਿਚ ਬਿਮਾਰੀ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਅਤੇ ਉਹ ਅਣਜਾਣੇ ਵਿਚ ਇਸ ਦੇ ਫੈਲਣ ਲਈ ਵੀ ਜ਼ਿੰਮੇਵਾਰ ਹੁੰਦੇ ਹਨ। ਇਸ ਲਈ ਜਦੋਂ ਵੀ ਕੋਈ ਲੱਛਣ ਸ਼ੁਰੂ ਹੁੰਦਾ ਹੈ ਜਾਂ ਕਿਸੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ, ਜਿਸ ਨਾਲ ਮਰੀਜ਼ ਨੂੰ ਸਹੀ ਸਮੇਂ 'ਤੇ ਲੋੜੀਂਦਾ ਇਲਾਜ ਦਿੱਤਾ ਜਾ ਸਕਦਾ ਹੈ ਅਤੇ ਬਿਮਾਰੀ ਦੇ ਹੋਰ ਫੈਲਣ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਵੀ ਕੀਤੀ। ਹਮੇਸ਼ਾ ਸਹੀ ਤਰ੍ਹਾਂ ਮਾਸਕ ਪਹਿਨੋ, ਆਪਣੇ ਹੱਥ ਅਕਸਰ ਧੋਵੋ, ਸਮਾਜਿਕ ਦੂਰੀ ਬਣਾਈ ਰੱਖੋ ਅਤੇ ਬਿਨਾਂ ਵਜ੍ਹਾ ਬਾਹਰ ਜਾਣ ਤੋਂ ਬੱਚੋ।ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਸਵੈ-ਲਾਗੂ ਕੀਤਾ ਤਾਲਾਬੰਦ ਲੜੀ ਨੂੰ ਤੋੜਨ ਵਿਚ ਮਦਦਗਾਰ ਹੋ ਸਕਦਾ ਹੈ।


Shyna

Content Editor

Related News