ਲੱਖਾਂ ਰੁਪਏ ਜੇਬਾਂ ’ਚੋਂ ਖ਼ਰਚ ਕੇ ਮਿਡ-ਡੇ-ਮੀਲ ਚਲਾ ਰਹੇ ਨੇ ਅਧਿਆਪਕ, ਸਰਕਾਰ ਤੋਂ ਕੀਤੀ ਇਹ ਮੰਗ
Friday, Jan 28, 2022 - 06:40 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਅੰਦਰ ਖਾਣਾ ਦੇਣ ਦੇ ਮਕਸਦ ਨਾਲ ਚਲਾਈ ਗਈ ਮਿਡ-ਡੇ-ਮੀਲ ਸਕੀਮ ਇਸ ਸਮੇਂ ਸਾਹ ਘੁੱਟਦੀ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸਕੂਲਾਂ ਅੰਦਰ ਮਿਡ-ਡੇ-ਮੀਲ ਨਾਲ ਸਬੰਧਤ ਫੰਡ ਸਕੂਲਾਂ ਨੂੰ ਮੁਹੱਈਆ ਨਹੀਂ ਕਰਵਾਏ ਜਾ ਰਹੇ, ਜਿਸ ਕਰਕੇ ਹੁਣ ਅਧਿਆਪਕ ਵੀ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜ਼ਰ ਰਹੇ ਹਨ । ਇਸ ਮਾਮਲੇ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਮਿਡ-ਡੇ-ਮੀਲ ਸਬੰਧੀ ਵਿਸ਼ੇਸ਼ ਚਰਚਾ ਕੀਤੀ ਗਈ ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਦੱਸਿਆ ਕਿ ਪਿਛਲੇ ਕਾਫ਼ੀ ਮਹੀਨਿਆਂ ਤੋਂ ਮਿਡ-ਡੇ-ਮੀਲ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ, ਜਿਸ ਕਰਕੇ ਅਧਿਆਪਕਾਂ ਨੂੰ ਲੱਖਾਂ ਰੁਪਏ ਆਪਣੀ ਜੇਬ ’ਚੋਂ ਖ਼ਰਚ ਕੇ ਮਿਡ-ਡੇ-ਮੀਲ ਚਲਾਉਣਾ ਪੈ ਰਿਹਾ ਹੈ । ਉਨ੍ਹਾਂ ਸਰਕਾਰ ਤੋਂ ਮਿਡ-ਡੇ-ਮੀਲ ਦੀ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਰਾਸ਼ੀ ਤੁਰੰਤ ਜਾਰੀ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ ਕਿਉਂਕਿ ਹੁਣ ਮਿਡ-ਡੇ-ਮੀਲ ਦਾ ਖਰਚਾ ਅਧਿਆਪਕਾਂ ਵੱਲੋਂ ਜੇਬ ’ਚੋਂ ਚਲਾਉਣਾ ਵਿੱਤੋਂ ਬਾਹਰ ਹੋ ਗਿਆ ਹੈ। ਮੀਟਿੰਗ ’ਚ ਹਰਭਗਵਾਨ ਗੁਰਨੇ, ਪਰਮਿੰਦਰ ਢੀਂਡਸਾ ,ਦਾਤਾ ਨਮੋਲ, ਸਤਨਾਮ ਉੱਭਾਵਾਲ ਤੇ ਗੁਰਪ੍ਰੀਤ ਪਸੌਰ ਆਦਿ ਹਾਜ਼ਰ ਸਨ।