ਅਧਿਆਪਕਾਂ ਤੇ ਵਿਦਿਆਰਥੀਅਾਂ ਨੇ ਫੂਕੀ ਪੰਜਾਬ ਸਰਕਾਰ ਦੇ ਵਾਅਦਿਆਂ ਦੀ ‘ਪੰਡ’
Tuesday, Oct 16, 2018 - 12:32 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਪੰਜਾਬ ਸਰਕਾਰ ਦੇ ਵਾਅਦਿਆਂ ਦੀ ‘ਪੰਡ’ ਨੂੰ ਲਾਂਬੂ ਲਾਇਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਮੁਲਾਜ਼ਮ ਆਗੂ ਸੁਖਵੀਰ ਜੋਗਾ ਨੇ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਨੂੰ ਫੇਲ ਕਰ ਕੇ ਪ੍ਰਾਈਵੇਟ ਸਕੂਲਾਂ ਨੂੰ ਉਭਾਰਨ ’ਤੇ ਤੁਲੀ ਹੋਈ ਹੈ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰਨ ਦੇ ਹੱਕ ਤੋਂ ਵਾਂਝੇ ਹੋ ਜਾਣ। ਸਕੂਲਾਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਅਾਂ ਕਰਨ ਦੀ ਬਜਾਏ ਕੱਚੇ ਅਧਿਆਪਕਾਂ ਨਾਲ ਪੱਕੇ ਕਰਨ ਦਾ ਵਿਖਾਵਾ ਕਰਦੀ ਹੋਈ ਉਨ੍ਹਾਂ ਦੀਆਂ ਤਨਖਾਹਾਂ ’ਤੇ ਕੱਟ ਲਾ ਰਹੀ ਹੈ। ਨਿਯਮ ਸ਼ਰਤਾਂ ਪੂਰੀਆਂ ਕਰ ਕੇ 3 ਸਾਲ ਪੂਰੇ ਕਰਨ ਵਾਲੇ ਅਧਿਆਪਕਾਂ ਨੂੰ ਵੀ ਪੱਕਾ ਨਹੀਂ ਕੀਤਾ ਜਾ ਰਿਹਾ।
ਸਰਕਾਰ ਦੀਆਂ ਇਨ੍ਹਾਂ ਲੋਕ ਮਾਰੂ ਨੀਤੀਆਂ ਦੇ ਵਿਰੋਧ ’ਚ 10 ਦਿਨ ਤੋਂ ਮੋਰਚੇ ਦੇ 17 ਅਧਿਆਪਕ ਪਟਿਆਲਾ ਮੋਰਚਾ ਲਾਈ ਬੈਠੇ ਹਨ। ਉਨ੍ਹਾਂ ਪੰਜਾਬ ਦੀ ਸਿੱਖਿਆ ਬਚਾਉਣ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਅਨਪਡ਼੍ਹ ਸਿੱਖਿਆ ਮੰਤਰੀ ਓ. ਪੀ. ਸੋਨੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅਤੇ ਝੂਠੇ ਵਾਅਦਿਆਂ ਦੀ ਪੰਡ ਵੀ ਫੂਕੀ। ਇਸ ਤੋਂ ਪਹਿਲਾਂ ਅੱਜ ਪੂਰਾ ਦਿਨ ਸਟਾਫ ਵੱਲੋਂ ਸਰਕਾਰੀ ਧੱਕੇਸ਼ਾਹੀਆਂ ਦੇ ਵਿਰੋਧ ’ਚ ਕਾਲੇ ਬਿੱਲੇ ਲਾ ਕੇ ਪਡ਼੍ਹਾਈ ਕਰਵਾਈ ਗਈ।
ਇਸ ਮੌਕੇ ਮਨਦੀਪ ਸ਼ਰਮਾ, ਕੋਮਲ ਗੋਇਲ, ਮੋਨੂੰ ਗੁਪਤਾ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਜਰਨੈਲ ਸਿੰਘ, ਰੁਪਿੰਦਰ ਸਿੰਘ, ਪਰਮਿਲਾ ਕੁਮਾਰੀ, ਸਰੋਜ ਰਾਣੀ, ਪਵਨਵੀਰ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਨੇਹਾ ਰਾਣੀ, ਰੀਤੂ ਆਦਿ ਸਣੇ ਸਮੁੱਚਾ ਸਟਾਫ਼ ਹਾਜ਼ਰ ਸੀ।
ਲੌਂਗੋਵਾਲ, (ਵਿਜੇ)–ਐੱਸ. ਐੱਸ. ਏ. ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਕੀਤੀ ਗਈ ਕਟੌਤੀ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਅੱਜ ਇਥੋਂ ਦੇ ਸ਼ਹੀਦ ਭਗਵਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਅੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਓ. ਪੀ. ਸੋਨੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲੇ ਸਾਡ਼ੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕ ਆਗੂ ਬੀਰਬਲ ਸਿੰਘ ਨੇ ਦੱਸਿਆ ਕਿ ਚਾਲੂ ਹਫਤਾ ਸਮੁੱਚੇ ਅਧਿਆਪਕ ਵਰਗ ਵੱਲੋਂ ਕਾਲੇ ਹਫਤੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੈਡਮ ਰਾਖੀ, ਹਰੀਦਾਸ ਸਿੰਘ, ਰਣਜੀਤ ਕੌਰ, ਨੀਤੂ ਸ਼ਰਮਾ ਅਤੇ ਮੈਡਮ ਪ੍ਰੀਤੀ ਜਿੰਦਲ ਨੇ ਵੀ ਸੰਬੋਧਨ ਕੀਤਾ।