ਸਤਲੁਜ ਦਰਿਆ ਕੰਢੇ ਖੈਰ ਦੀ ਲੱਕੜ ਚੋਰੀ ਹੋਣ ਦਾ ਮਾਮਲਾ, ਸਾਬਕਾ ਕੌਂਸਲਰ ਤੇ ਸਰਪੰਚ ’ਤੇ ਲੱਗੇ ਦੋਸ਼
Friday, Jan 21, 2022 - 10:06 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਸਤਲੁਜ ਦਰਿਆ ਕੰਢੇ ਪਿੰਡ ਈਸਾਪੁਰ ਦੇ ਜੰਗਲੀ ਖੇਤਰ ’ਚੋਂ ਖੈਰ ਦੀ ਲੱਕੜ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਮਾਛੀਵਾੜਾ ਸਾਹਿਬ ਦੇ ਇਕ ਸਾਬਕਾ ਕੌਂਸਲਰ ਅਤੇ ਸਰਪੰਚ ਸਮੇਤ 4 ਵਿਅਕਤੀਆਂ ’ਤੇ ਇਸ ਨੂੰ ਚੋਰੀ ਕਰਨ ਦੇ ਦੋਸ਼ ਲੱਗ ਰਹੇ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਈਸਾਪੁਰ ਦੇ ਜੰਗਲੀ ਖੇਤਰ ’ਚੋਂ ਕੁਝ ਦਰੱਖ਼ਤ ਕੱਟ ਕੇ ਚੋਰੀ ਕਰ ਲਏ ਗਏ ਸਨ, ਜੋ ਲੱਖਾਂ ਰੁਪਏ ਦੇ ਬਣਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਜੰਗਲਾਤ ਵਿਭਾਗ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਦਰਿਆ ਕੰਢੇ ਝੁੱਗੀਆਂ ਬਣਾ ਕੇ ਰਹਿੰਦੇ ਮਜ਼ਦੂਰਾਂ ਨੇ ਦੱਸਿਆ ਕਿ ਕੁਝ ਵਿਅਕਤੀ ਰਾਤ ਨੂੰ ਉਨ੍ਹਾਂ ਕੋਲ ਆਏ। ਉਨ੍ਹਾਂ ਨੇ ਕਿਹਾ ਕਿ ਉਹ 900 ਰੁਪਏ ਦਿਹਾੜੀ ਦੇਣਗੇ, ਜਿਸ ਲਈ ਕੁਝ ਦਰੱਖ਼ਤ ਕੱਟਣੇ ਹਨ। ਉਕਤ ਲੋਕ ਲੱਕੜ ਕੱਟ ਕੇ ਲੈ ਗਏ ਪਰ ਉਨ੍ਹਾਂ ਨੂੰ ਦਿਹਾੜੀ ਦੇ ਕੇ ਨਹੀਂ ਗਏ।
ਮਜ਼ਦੂਰਾਂ ਨੇ ਦੱਸਿਆ ਕਿ ਇਨ੍ਹਾਂ ’ਚ ਇਕ ਮਾਛੀਵਾੜਾ ਦਾ ਸਾਬਕਾ ਕੌਂਸਲਰ, ਇਲਾਕੇ ਦਾ ਸਰਪੰਚ ਅਤੇ ਪਿੰਡ ਈਸਾਪੁਰ ਦਾ ਇਕ ਵਿਅਕਤੀ ਵੀ ਸ਼ਾਮਲ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਉਕਤ ਵਿਅਕਤੀਆਂ ਨੇ ਲੰਘੀ 3 ਜਨਵਰੀ ਨੂੰ ਖੈਰ ਦੇ 5 ਦਰੱਖ਼ਤ ਕੱਟੇ ਹਨ। ਉਸ ਤੋਂ ਪਹਿਲਾਂ ਵੀ ਕਈ ਵਾਰ ਦਰੱਖ਼ਤ ਕੱਟੇ ਜਾ ਚੁੱਕੇ ਹਨ, ਜਿਸ ਕਾਰਨ ਲੱਖਾਂ ਰੁਪਏ ਦੀ ਖੈਰ ਦੀ ਲੱਕੜ ਚੋਰੀ ਹੋ ਚੁੱਕੀ ਹੈ।
ਅਧਿਕਾਰੀਆਂ ਅਨੁਸਾਰ ਅੱਜ ਉਨ੍ਹਾਂ ਮੌਕੇ ’ਤੇ ਆ ਕੇ ਚੋਰੀ ਹੋਏ ਦਰੱਖ਼ਤਾਂ ਦਾ ਜਾਇਜ਼ਾ ਲਿਆ, ਜਿਸ ਸਬੰਧੀ ਉਹ ਕਥਿਤ ਦੋਸ਼ੀਆਂ ਤੋਂ ਰਿਕਵਰੀ ਕਰਨਗੇ। ਜੰਗਲਾਤ ਵਿਭਾਗ ਆਪਣੇ ਤੌਰ ’ਤੇ ਅਦਾਲਤ ਵਿਚ ਚਲਾਨ ਪੇਸ਼ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ। ਜ਼ਿਕਰਯੋਗ ਹੈ ਕਿ ਲੱਕੜ ਚੋਰੀ ਦੇ ਨਾਲ-ਨਾਲ ਸਤਲੁਜ ਦਰਿਆ ’ਚੋਂ ਰੇਤੇ ਦੀ ਹੁੰਦੀ ਨਾਜਾਇਜ਼ ਮਾਈਨਿੰਗ ਵੀ ਕਿਸੇ ਤੋਂ ਰੁਕੀ ਨਹੀਂ। ਇਸ ਸਬੰਧੀ ਕਈ ਵਾਰ ਸੱਤਾਧਾਰੀ ਧਿਰ ਨਾਲ ਸਬੰਧਿਤ ਆਗੂਆਂ ਦੇ ਵਾਹਨ ਫੜੇ ਗਏ ਪਰ ਪਰਚਾ ਹਮੇਸ਼ਾ ਡਰਾਈਵਰਾਂ ’ਤੇ ਹੋਇਆ। ‘ਸਫ਼ੈਦਪੋਸ਼ ਲੀਡਰ’ ਆਪਣੇ ਆਪ ਨੂੰ ਬੇਦਾਗ਼ ਕਹਿ ਕੇ ਲੋਕਾਂ ਵਿਚ ਵਿਚਰਦੇ ਨਜ਼ਰ ਆਉਂਦੇ ਹਨ।