ਆੜ੍ਹਤੀਏ ਖਿਲਾਫ ਖੁਦਕੁਸ਼ੀ ਨੋਟ ਲਿਖ ਕਿਸਾਨ ਨੇ ਪੀਤੀ ਸਪਰੇਅ

12/04/2019 8:44:23 PM

ਭਾਈਰੂਪਾ,(ਸ਼ੇਖਰ)- ਪਿੰਡ ਦੁੱਲੇਵਾਲਾ ਵਿਖੇ ਇਕ ਕਿਸਾਨ ਵੱਲੋਂ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਦੁੱਲੇਵਾਲਾ ਦੇ ਕਿਸਾਨ ਗੁਰਤੇਜ ਸਿੰਘ (60) ਪੁੱਤਰ ਹਰੀ ਸਿੰਘ ਨੇ ਭਦੌੜ ਦੇ ਇਕ ਆੜ੍ਹਤੀਏ ਤੋਂ ਤੰਗ ਆ ਕੇ ਅੱਜ ਆਪਣੇ ਖੇਤ 'ਚ ਜਾ ਕੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਹੈ ਅਤੇ ਇਸ ਸਮੇਂ ਕਿਸਾਨ ਵੱਲੋਂ ਆੜ੍ਹਤੀਏ ਖਿਲਾਫ ਖੁਦਕੁਸ਼ੀ ਨੋਟ ਲਿਖਿਆ ਹੋਇਆ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਨੇ ਆੜ੍ਹਤੀਏ ਕੋਲ 8,75,000 ਰੁਪਏ ਦਾ ਝੋਨਾ ਵੇਚਿਆ ਸੀ ਅਤੇ ਐਨੀ ਰਕਮ ਦੀ ਫਸਲ ਵੇਚਣ ਦੇ ਬਾਵਜੂਦ ਵੀ ਆੜ੍ਹਤੀਆ 5 ਲੱਖ ਰੁਪਏ ਕਿਸਾਨ ਤੋਂ ਹੋਰ ਮੰਗ ਰਿਹਾ ਸੀ। ਆੜ੍ਹਤੀਆ ਵਾਰ-ਵਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਕਾਰਣ ਮਾਨਸਿਕ ਪ੍ਰੇਸ਼ਾਨੀ ਦੇ ਕਾਰਣ ਕਿਸਾਨ ਨੇ ਇਹ ਕਦਮ ਚੁੱਕ ਲਿਆ। ਉਨ੍ਹਾਂ ਦੱਸਿਆ ਕਿ ਓਰੀਐਂਟਲ ਬੈਂਕ ਆਫ ਕਮਰਸ ਨਿਹਾਲ ਸਿੰਘ ਵਾਲਾ ਤੋਂ ਵੀ ਉਕਤ ਕਿਸਾਨ ਨੇ ਕਰਜ਼ਾ ਲਿਆ ਹੋਇਆ ਸੀ ਅਤੇ ਕੋਆਪ੍ਰੇਟਿਵ ਸੋਸਾਇਟੀ ਦਾ 1, 25,000 ਰੁਪਏ ਦਾ ਕਰਜ਼ਾ ਉਸ ਦੇ ਸਿਰ 'ਤੇ ਸੀ। ਕਿਸਾਨ ਜ਼ਿਆਦਾਤਰ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦਾ ਸੀ ਅਤੇ 4,53,000 ਰੁਪਏ ਠੇਕਾ ਵੀ ਕਿਸਾਨ ਨੇ ਦੇਣਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਆੜ੍ਹਤੀਏ 'ਤੇ ਇਰਾਦਾ ਕਤਲ ਤੇ ਤੰਗ-ਪ੍ਰੇਸ਼ਾਨ ਕਰਨ ਦਾ ਪਰਚਾ ਦਰਜ ਕਰ ਕੇ ਉਸ ਨੂੰ ਜੇਲ ਭੇਜਿਆ ਜਾਵੇ ਅਤੇ ਕਿਸਾਨ ਦਾ ਸਮੁੱਚਾ ਕਰਜ਼ਾ ਮੁਆਫ ਕਰ ਕੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਆੜ੍ਹਤੀਏ 'ਤੇ ਪਰਚਾ ਦਰਜ ਕਰ ਕੇ ਉਸ ਨੂੰ ਜੇਲ ਨਹੀਂ ਭੇਜਿਆ ਜਾਵੇਗਾ ਓਨਾ ਚਿਰ ਕਿਸਾਨ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਅਤੇ ਨਾ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਪ੍ਰੈੱਸ ਸਕੱਤਰ ਮੱਖਣ ਸਿੰਘ ਸਿੱਧੂ, ਬਲਾਕ ਫੂਲ ਦੇ ਮੀਤ ਪ੍ਰਧਾਨ ਸ਼ੇਰ ਸਿੰਘ ਦੁੱਲੇਵਾਲਾ, ਜਨਰਲ ਸਕੱਤਰ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਮੰਦਰ ਸਿੰਘ, ਦਲਜੀਤ ਸਿੰਘ ਦੁੱਲੇਵਾਲਾ, ਬਾਲਾ ਸਿੰਘ ਸਾਬਕਾ ਪੰਚ ਸੇਲਬਰਾਹ ਆਦਿ ਆਗੂ ਹਾਜ਼ਰ ਸਨ।


Bharat Thapa

Content Editor

Related News