ਵਿਦਿਆਰਥੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

Wednesday, Nov 20, 2019 - 08:16 PM (IST)

ਵਿਦਿਆਰਥੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਜਲਾਲਾਬਾਦ, (ਨਿਖੰਜ, ਜਤਿੰਦਰ)- ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ (ਏ. ਆਈ. ਐੱਸ. ਐੱਫ.) ਦੇ ਵਿਦਿਆਰਥੀਆਂ ਵੱਲੋਂ ਸੁਤੰਤਰ ਭਵਨ ਜਲਾਲਾਬਾਦ ਤੋਂ ਲੈ ਕੇ ਨਵੇਂ ਬੱਸ ਸਟੈਂਡ ਤੱਕ ਮਾਰਚ ਕੀਤਾ ਗਿਆ ਅਤੇ ਜੇ. ਐੱਨ. ਯੂ. ਦੇ ਵੀ. ਸੀ. ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਏ. ਆਈ. ਐੱਸ. ਐੱਫ. ਦੇ ਆਗੂ ਸੂਬਾ ਪ੍ਰਧਾਨ ਸੁਖਦੇਵ ਧਰਮੂ ਵਾਲਾ, ਜ਼ਿਲਾ ਸਕੱਤਰ ਸਟਾਲਿਨ ਲਮੋਚਰ ਕਲਾਂ, ਜ਼ਿਲਾ ਪ੍ਰਧਾਨ ਰਮਨ ਧਰਮੂ ਵਾਲਾ ਨੇ ਜੇ. ਐੱਨ. ਯੂ. ਦੇ ਵਿਦਿਆਰਥੀਆਂ ’ਤੇ ਦਿੱਲੀ ਪੁਲਸ ਅਤੇ ਸੀ. ਆਰ. ਪੀ. ਐੱਫ. ਵੱਲੋਂ ਕੀਤੇ ਗਏ ਘੰਟਿਆਂ ਬੰਦੀ ਤਸ਼ੱਦਦ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਜੇ. ਐੱਨ. ਯੂ. ਦੇ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਖਿਲਾਫ ਪਾਰਲੀਮੈਂਟ ਮਾਰਚ ਕਰ ਰਹੇ ਸਨ। ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਹੋਸਟਲ ਫੀਸ ’ਚ ਅਥਾਹ ਵਾਧਾ ਕਰ ਦਿੱਤਾ ਹੈ, ਜਿਸ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਖਤਰੇ ’ਚ ਪਾ ਦਿੱਤਾ ਗਿਆ ਹੈ।

ਇਥੇ ਇਹ ਜ਼ਿਕਰਯੋਗ ਹੈ ਕਿ ਜੇ. ਐੱਨ. ਯੂ. ਦੇਸ਼ ਦੀਆਂ ਸਭ ਤੋਂ ਚੰਗੀਆਂ ਯੂਨੀਵਰਸਿਟੀਆਂ ’ਚੋਂ ਇਕ ਹੈ। ਆਗੂਆਂ ਨੇ ਕਿਹਾ ਕਿ ਅਸੀਂ ਜਿਥੇ ਇਸ ਲਾਠੀਚਾਰਜ ਦਾ ਵਿਰੋਧ ਕਰਦੇ ਹਾਂ, ਉਥੇ ਹੀ ਜੇ. ਐੱਨ. ਯੂ. ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਭਰਪੂਰ ਸਮਰਥਨ ਕਰਦੇ ਹਾਂ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਏ. ਆਈ. ਐੱਸ. ਐੱਫ. ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕੁਲਵੰਤ ਅਮੀਰ ਖਾਸ, ਸੁਰੇਸ਼ ਟਰਿਆ, ਭਿੰਦਰ ਸਿੰਘ, ਅਰਮਾਨ ਰਾਏ, ਅਮਨਦੀਪ ਸਿੰਘ, ਮਨਦੀਪ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਹਾਜ਼ਰ ਸਨ।


author

Bharat Thapa

Content Editor

Related News