ਠੰਡ ’ਚ ਟਾਟਾਂ ’ਤੇ ਬੈਠ ਕੇ ਪੜ੍ਹਦੇ ਨੇ ਵਿਦਿਆਰਥੀ

12/14/2018 5:06:44 AM

ਖਰਡ਼, (ਅਮਰਦੀਪ)– ਇਕ ਪਾਸੇ ਤਾਂ ਪੰਜਾਬ ਸਰਕਾਰ ਪ੍ਰਾਇਮਰੀ ਸਕੂਲਾਂ ਨੂੰ ਆਦਰਸ਼ ਸਕੂਲ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਝੂੰਗੀਆਂ ’ਚ ਪੜ੍ਹ ਰਹੇ ਆਂਗਣਵਾਡ਼ੀ ਦੇ ਬੱਚੇ  ਠੰਡ ਵਿਚ ਬਿਨਾਂ ਛੱਤ ਦੇ ਪਡ਼੍ਹਨ ਲਈ ਮਜਬੂਰ ਹਨ। ਅੱਜ ਜਦੋਂ ਸਰਕਾਰੀ ਪ੍ਰਾਇਮਰੀ ਸਕੂਲ ਝੂੰਗੀਆਂ ਦਾ ਦੌਰਾ ਕੀਤਾ  ਤਾਂ ਦੇਖਿਆ ਕਿ ਆਂਗਣਵਾਡ਼ੀ ਦੇ ਬੱਚੇ ਗੁਰਦੁਆਰਾ ਸਾਹਿਬ ਦੇ ਵਿਹਡ਼ੇ ਵਿਚ ਖੁੱਲ੍ਹੇ ਆਸਮਾਨ ਹੇਠਾਂ ਪਡ਼੍ਹ ਰਹੇ ਸਨ ਤੇ ਸਕੂਲ ਦੇ ਪ੍ਰੀ-ਨਰਸਰੀ ਦੇ ਬੱਚੇ ਵੀ ਜ਼ਮੀਨ ’ਤੇ ਖੁੱਲ੍ਹੇ ਆਸਮਾਨ ਹੇਠਾਂ ਪਤਲੇ ਟਾਟਾਂ ’ਤੇ ਠਰਦੇ ਹੋਏ ਪਡ਼੍ਹ ਰਹੇ ਸਨ। ਭਾਵੇਂ ਕਿ ਸਰਬ ਸਿੱਖਿਆ ਅਭਿਆਨ ਤਹਿਤ ਉਕਤ ਸਕੂਲ ਵਿਚ ਦੋ ਨਵੇਂ ਕਮਰੇ ਉਸਾਰੇ ਗਏ ਹਨ, ਜਿਸ ਦਾ ਕੰਮ ਚੱਲ ਰਿਹਾ ਹੈ ਪਰ ਆਂਗਣਵਾਡ਼ੀ ਸੈਂਟਰ ਦੀ ਇਮਾਰਤ ਖਸਤਾ ਹੋਣ ਕਾਰਨ ਛੋਟੇ ਬੱਚੇ ਖੁੱਲ੍ਹੇ ਆਸਮਾਨ ਹੇਠ ਪਡ਼੍ਹਨ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਪਿੰਡ ਝੂੰਗੀਆਂ, ਜੋ ਕਿ ਨਗਰ ਕੌਂਸਲ ਅਧੀਨ ਆ ਚੁੱਕਾ ਹੈ ਤੇ ਇਸ ਪਿੰਡ ਦੀਆਂ ਜ਼ਮੀਨਾਂ ਵੱਡੀਆਂ ਟਾਊਨਸ਼ਿਪ ਕਾਲੋਨੀਆਂ ਵਿਚ ਆ ਚੁੱਕੀਆਂ ਹਨ ਪਰ ਇਸ ਸਕੂਲ ਤੇ ਆਂਗਣਵਾਡ਼ੀ ਕੇਂਦਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਨਗਰ ਕੌਂਸਲ ਖਰਡ਼ ਦੀ ਪ੍ਰਧਾਨ ਅੰਜੂ ਚੰਦਰ ਵਲੋਂ ਸਕੂਲ ਦੀ ਇਮਾਰਤ ਲਈ 1 ਲੱਖ ਤੋਂ ਵੱਧ ਦੀ ਰਾਸ਼ੀ ਪੱਲਿਓਂ ਦਿੱਤੀ ਜਾ ਚੁੱਕੀ ਹੈ ਪਰ ਪੰਜਾਬ ਸਰਕਾਰ ਵਲੋਂ ਪ੍ਰਾਇਮਰੀ ਸਕੂਲ ਤੇ ਆਂਗਣਵਾਡ਼ੀ ਸੈਂਟਰ ਦੀ ਇਮਾਰਤ ਬਣਾਉਣ ਲਈ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਜਾ ਰਹੀ। ਵਿਦਿਆਰਥੀ ਗਰਮੀਆਂ ਵਿਚ ਤਿੱਖੀ ਧੁੱਪ ਤੇ ਸਰਦੀਆਂ ਵਿਚ ਠੰਡ ਵਿਚ ਪਡ਼੍ਹਨ ਲਈ ਮਜਬੂਰ ਹੋ ਰਹੇ ਹਨ। ਸਕੂਲ ਦੀ ਗਰਾਊਂਡ ਦੀ ਹਾਲਤ ਵੀ ਖਸਤਾ ਬਣੀ ਹੋਈ  ਹੈ ਤੇ ਗਰਾਊਂਡ ਵਿਚ ਥਾਂ-ਥਾਂ ’ਤੇ ਟੋਏ ਪਏ ਹੋਏ ਹਨ, ਜਿਸ ਕਾਰਨ ਵਿਦਿਆਰਥੀ ਅੱਧੀ ਛੁੱਟੀ ਵੇਲੇ ਗਰਾਊਂਡ ਵਿਚ ਖੇਡਣ ਤੋਂ ਅਸਮਰੱਥ ਹਨ। ਸਮਾਜ ਸੇਵੀ ਆਗੂ ਬਲਜੀਤ ਸਿੰੰਘ ਖਾਲਸਾ, ਖਰਡ਼ ਯੂਥ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਹੈਪੀ, ਠੇਕੇਦਾਰ ਰਣਜੀਤ ਸਿੰਘ ਮੁੰਡੀ ਖਰਡ਼ ਤੇ ਪੰਜਾਬ ਯੂਥ ਸੈਣੀ ਕਲਚਰਲ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਕਾ ਸੈਣੀ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਿੰਡ ਝੂੰਗੀਆਂ ਦੇ ਆਂਗਣਵਾਡ਼ੀ ਸੈਂਟਰ ਤੇ ਪ੍ਰਾਇਮਰੀ ਸਕੂਲ ਦੀ ਇਮਾਰਤ ਨਵੀਂ ਉਸਾਰੀ ਜਾਵੇ ਅਤੇ ਬੱਚਿਆਂ ਦੇ ਬੈਠਣ ਲਈ ਬੈਂਚਾਂ ਦਾ ਇੰਤਜ਼ਾਮ ਵੀ ਕੀਤਾ ਜਾਵੇ ਕਿਉਂਕਿ ਟਾਟਾਂ ’ਤੇ ਬੱਚੇ ਬੈਠ ਕੇ ਪਡ਼੍ਹਾਈ ਨਹੀਂ ਕਰ ਸਕਦੇ। 


Related News