ਪੇਪਰ ਦੀ ਤਿਆਰੀ ਨਾ ਹੋਣ ਕਾਰਨ ਵਿਦਿਆਰਥੀ ਨੇ ਮਾਰੀ ਨਹਿਰ ''ਚ ਛਾਲ, ਲਾਸ਼ ਬਰਾਮਦ

03/20/2019 8:00:01 PM

ਮਾਛੀਵਾੜਾ ਸਾਹਿਬ,(ਟੱਕਰ, ਸਚਦੇਵਾ) : ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਊਰਨਾ ਦੇ ਨਿਵਾਸੀ ਕੁਲਦੀਪ ਸਿੰਘ ਦਾ ਲੜਕਾ ਅਰਸ਼ਜੋਤ ਸਿੰਘ (17) ਜੋ ਕਿ ਲੰਘੀ 12 ਮਾਰਚ ਨੂੰ ਸਰਹਿੰਦ ਨਹਿਰ 'ਚ ਛਾਲ ਮਾਰ ਗਿਆ ਸੀ, ਦੀ ਲਾਸ਼ ਅੱਜ ਪਿੰਡ ਢੰਡੇ ਦੀ ਕਿਸ਼ਤੀ ਨੇੜਿਓਂ ਬਰਾਮਦ ਹੋਈ। ਮ੍ਰਿਤਕ ਵਿਦਿਆਰਥੀ ਦੇ ਪਿਤਾ ਕੁਲਦੀਪ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 12 ਮਾਰਚ ਨੂੰ ਉਸ ਦੇ ਪੁੱਤਰ ਦਾ +2 ਬੋਰਡ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਸੀ, ਜਿਸ ਨੂੰ ਦੇਣ ਲਈ ਉਹ ਸਮਰਾਲਾ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਚਲਾ ਗਿਆ ਸੀ। ਇਸ ਬੋਰਡ ਪ੍ਰੀਖਿਆ ਦੀ ਪੂਰੀ ਤਰ੍ਹਾਂ ਤਿਆਰੀ ਨਾ ਹੋਣ ਕਾਰਨ ਉਹ ਕੁੱਝ ਪ੍ਰੇਸ਼ਾਨ ਸੀ ਪਰ ਜਦੋਂ ਉਹ ਸ਼ਾਮ ਤੱਕ ਵਾਪਸ ਘਰ ਨਾ ਪਰਤਿਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਲੜਕੇ ਅਰਸ਼ਜੋਤ ਦੀ ਤਲਾਸ਼ ਦੌਰਾਨ ਉਸ ਦਾ ਸਾਈਕਲ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲ ਖੜ੍ਹਾ ਮਿਲਿਆ ਤਾਂ ਉਥੇ ਕੁੱਝ ਲੋਕਾਂ ਨੇ ਦੱਸਿਆ ਕਿ ਇਕ ਲੜਕੇ ਨੇ ਸਾਈਕਲ ਖੜ੍ਹਾ ਕਰ ਪੁਲ ਤੋਂ ਨਹਿਰ 'ਚ ਛਾਲ ਮਾਰ ਦਿੱਤੀ ਹੈ। ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਉਸ ਦਿਨ ਤੋਂ ਹੀ ਨਹਿਰ 'ਚ ਉਸਦੀ ਭਾਲ ਕਰ ਰਹੇ ਸਨ। ਅੱਜ ਨਹਿਰ 'ਚੋਂ ਉਕਤ ਵਿਦਿਆਰਥੀ ਦੀ ਲਾਸ਼ ਬਰਾਮਦ ਹੋਣ 'ਤੇ ਪੁਲਸ ਨੇ ਪੋਸਟ ਮਾਰਟਮ ਕਰਵਾਉਣ 
ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।


Deepak Kumar

Content Editor

Related News