ਮਤਰੇਆ ਪਿਓ ਹੀ ਕਰਵਾਉਂਦਾ ਰਿਹਾ ਨਾਬਾਲਗਾ ਧੀ ਨਾਲ ਜਬਰ-ਜ਼ਨਾਹ

11/13/2019 1:38:01 AM

ਬਠਿੰਡਾ, (ਵਰਮਾ)— ਪਿੰਡ ਕੋਠਾਗੁਰੂ ਦੀ ਇਕ ਨਾਬਾਲਗਾ ਨੂੰ ਬੇਹੋਸ਼ ਕਰ ਕੇ ਉਸ ਨਾਲ ਕਈ ਦਿਨਾਂ ਤੱਕ ਕੀਤੇ ਗਏ ਜਬਰ-ਜ਼ਨਾਹ ਦੇ ਮਾਮਲੇ 'ਚ ਥਾਣਾ ਨੇਹੀਆਂਵਾਲਾ ਪੁਲਸ ਨੇ ਉਕਤ ਨਾਬਾਲਗਾ ਦੇ ਮਤਰੇਅ ਪਿਤਾ, ਉਸ ਦੇ ਭਾਂਣਜੇ ਅਤੇ ਹੋਰ ਰਿਸ਼ਤੇਦਾਰਾਂ ਸਮੇਤ 5 ਲੋਕਾਂ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕਰ ਲਿਆ ਹੈ। ਇਸ ਸਬੰਧ 'ਚ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 28 ਸਾਲ ਪਹਿਲਾਂ ਕੋਠਾਗੁਰੂ ਦੇ ਇਕ ਵਿਅਕਤੀ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਸ ਦੇ ਘਰ ਇਕ ਲੜਕਾ ਅਤੇ ਇਕ ਲੜਕੀ ਪੈਦਾ ਹੋਈ। ਅਣਬਣ ਹੋਣ ਕਾਰਣ ਕਰੀਬ 15 ਸਾਲ ਪਹਿਲਾਂ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਅਤੇ ਉਹ ਆਪਣੀ ਲੜਕੀ, ਜੋ ਉਸ ਵੇਲੇ ਡੇਢ ਸਾਲ ਦੀ ਸੀ, ਨੂੰ ਨਾਲ ਲੈ ਕੇ ਪਿੰਡ ਦੇ ਇਕ ਹੋਰ ਵਿਅਕਤੀ ਜਸਵੀਰ ਸਿੰਘ ਨਾਲ ਪਤਨੀ ਵਾਂਗ ਰਹਿਣ ਲੱਗੀ।

ਉਸ ਨੇ ਦੱਸਿਆ ਕਿ ਜਦ ਉਸ ਦੀ ਲੜਕੀ 16 ਸਾਲ ਦੀ ਹੋ ਗਈ ਤਾਂ ਉਸ ਦਾ ਦੂਸਰਾ ਪਤੀ ਜਸਵੀਰ ਸਿੰਘ ਉਸ ਦੀ ਲੜਕੀ 'ਤੇ ਬੁਰੀ ਨਜ਼ਰ ਰੱਖਣ ਲੱਗਾ। ਉਹ ਅਕਸਰ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸ ਬਾਰੇ ਪਤਾ ਲੱਗਣ 'ਤੇ ਉਸ ਨੇ ਖੁਦ ਪਤੀ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਹ ਗੁੱਸੇ 'ਚ ਆ ਗਿਆ। ਇਸ ਕਾਰਣ ਉਸ ਨੇ ਉਸ ਦੀ ਲੜਕੀ ਨੂੰ ਸਬਕ ਸਿਖਾਉਣ ਲਈ ਉਕਤ ਘਟਨਾ ਨੂੰ ਅੰਜਾਮ ਦਿੱਤਾ। ਬੀਤੀ 15 ਸਤੰਬਰ ਨੂੰ ਉਸ ਦਾ ਪਤੀ ਉਸ ਦੀ ਲੜਕੀ ਨੂੰ ਬਹਾਨੇ ਨਾਲ ਡੱਬਵਾਲੀ ਲੈ ਗਿਆ, ਜਿਥੇ ਉਸ ਦੀ ਨਨਾਣ ਵੀਰਪਾਲ ਕੌਰ, ਨਨਾਣ ਦਾ ਪਤੀ ਜੱਗਾ ਸਿੰਘ, ਉਸ ਦੀ ਲੜਕੀ ਸੋਨੀ ਕੌਰ, ਜਵਾਈ ਸਿਮਰਜੀਤ ਸਿੰਘ, ਉਸ ਦੇ ਪਤੀ ਜਸਵੀਰ ਦਾ ਭਾਣਜਾ ਬੱਗਾ ਸਿੰਘ ਵੀ ਮੌਜੂਦ ਸੀ। ਮੁਲਜ਼ਮ ਬੱਗਾ ਸਿੰਘ ਨੇ ਉਸ ਦੀ ਲੜਕੀ ਨੂੰ ਬੇਹੋਸ਼ ਕਰ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਵੀ ਬੱਗਾ ਸਿੰਘ ਉਸ ਦੀ ਲੜਕੀ ਨਾਲ ਕਈ ਥਾਵਾਂ 'ਤੇ ਵਰਗਲਾ ਕੇ ਜਬਰ-ਜ਼ਨਾਹ ਕਰਦਾ ਰਿਹਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਸਾਰੇ ਮੁਲਜ਼ਮਾਂ ਜਸਵੀਰ ਸਿੰਘ, ਜੱਗਾ ਸਿੰਘ, ਵੀਰਪਾਲ ਕੌਰ, ਬੱਗਾ ਸਿੰਘ, ਸਿਮਰਜੀਤ ਸਿੰਘ ਅਤੇ ਸੋਨੀ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


KamalJeet Singh

Edited By KamalJeet Singh