ਸੜਕ ਅਜੇ ਪੂਰੀ ਤਰ੍ਹਾਂ ਬਣੀ ਨਹੀਂ ਪਰ ਟੋਲ ਪਲਾਜ਼ਾ ਪਹਿਲਾਂ ਹੀ ਲਾ ਦਿੱਤਾ

Monday, Feb 11, 2019 - 01:20 PM (IST)

ਸੜਕ ਅਜੇ ਪੂਰੀ ਤਰ੍ਹਾਂ ਬਣੀ ਨਹੀਂ ਪਰ ਟੋਲ ਪਲਾਜ਼ਾ ਪਹਿਲਾਂ ਹੀ ਲਾ ਦਿੱਤਾ

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 'ਤੇ ਪਿੰਡ ਵੜਿੰਗ ਨੇੜੇ ਕਰੀਬ ਢਾਈ ਸਾਲਾਂ ਪਹਿਲਾਂ ਟੋਲ ਪਲਾਜ਼ਾ ਸ਼ੁਰੂ ਕੀਤਾ ਗਿਆ ਸੀ, ਜੋ ਅਧੂਰੀ ਸੜਕ 'ਤੇ ਚੱਲ ਰਿਹਾ ਹੈ। ਇਸ ਟੋਲ ਪਲਾਜ਼ਾ ਕੰਪਨੀ ਨੇ ਬਾਕਾਇਦਾ 4 ਮਹੀਨਿਆਂ ਦੌਰਾਨ ਅਧੂਰੇ ਵਿਕਾਸ ਕਾਰਜ ਪੂਰੇ ਕਰਨ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਕੀਤਾ। ਕੰਪਨੀ ਵਲੋਂ ਪਿੰਡ ਵੜਿੰਗ ਕੋਲ ਜੌੜੀਆਂ ਨਹਿਰਾਂ 'ਤੇ ਪੁਲ ਵੀ ਬਣਾਇਆ ਜਾਣਾ ਸੀ ਪਰ ਹੁਣ ਤੱਕ ਉਹ ਵੀ ਨਹੀਂ ਬਣਿਆ। ਇਸ ਦੀ ਮਿਆਦ ਵੀ 13 ਦਸੰਬਰ, 2017 ਨੂੰ ਪੂਰੀ ਹੋ ਚੁੱਕੀ ਹੈ। ਦੱਸ ਦੇਈਏ ਕਿ ਪਿੰਡ ਕੋਲ ਬਣਿਆ ਇਹ ਟੋਲ ਪਲਾਜ਼ਾ 12 ਸਤੰਬਰ, 2017 ਦੀ ਰਾਤ ਨੂੰ 12:00 ਵਜੇ ਸ਼ੁਰੂ ਹੋ ਗਿਆ ਸੀ, ਜਿਸ ਦਾ ਉਸ ਸਮੇਂ ਲੋਕਾਂ ਵਲੋਂ ਵਿਰੋਧ ਵੀ ਕੀਤਾ ਗਿਆ ਸੀ। ਲੋਕਾਂ ਨੇ ਕਿਹਾ ਸੀ ਕਿ ਪਹਿਲਾਂ ਸੜਕਾਂ ਨੂੰ ਪੂਰਾ ਕੀਤਾ ਜਾਵੇ ਅਤੇ ਬਾਅਦ ਟੋਲ ਸ਼ੁਰੂ ਹੋਵੇ। ਉਸ ਸਮੇਂ ਦੇ ਮੈਨੇਜਰ ਸਤਨਾਮ ਸਿੰਘ ਨੇ ਕੁਝ ਸਮੇਂ 'ਚ ਸਾਰੀਆਂ ਘਾਟਾਂ ਨੂੰ ਪੂਰਾ ਕਰਨ ਦੀ ਗੱਲ ਕਹੀ ਸੀ। 

ਇਕ ਵਿਅਕਤੀ ਦੀ ਹੋ ਚੁੱਕੀ ਹੈ ਮੌਤ
ਉਕਤ ਸੜਕ ਨੇੜੇ ਬਣੇ ਖਾਲਿਆਂ ਕਾਰਨ ਬੀਤੀ 22 ਜੂਨ, 2018 ਨੂੰ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਹਾਲਾਂਕਿ ਉਸ ਤੋਂ ਬਾਅਦ ਇਨ੍ਹਾਂ ਨੇ ਟੋਲ ਕੋਲ ਬਣੇ ਖਾਲਿਆਂ ਨੂੰ ਢੱਕ ਦਿੱਤਾ ਹੈ ਪਰ ਨਹਿਰਾਂ ਦੇ ਪੁਲ ਨੂੰ ਅਜੇ ਵੀ ਚੌੜਾ ਨਹੀਂ ਕੀਤਾ ਗਿਆ। ਉਸ ਵਿਚ ਪਿਲਰ ਭਰ ਕੇ ਛੱਡ ਰੱਖੇ ਹਨ। ਇਸ ਪੁਲ ਵਾਲੀਆਂ ਨ ਰਾਜਨੀਤਕ ਸਰਪ੍ਰਸਤੀ ਹਾਸਲ ਹੈ। ਕਾਂਗਰਸ ਦੇ ਇਕ ਨੇਤਾ ਦੇ ਨਿੱਜੀ ਸਹਾਇਕ ਨੂੰ ਵੀ ਇਥੋਂ ਤਨਖਾਹ ਮਿਲਦੀ ਰਹੀ ਹੈ।
ਆਰਥਕ ਤੰਗੀ ਕਾਰਨ ਨਹੀਂ ਬਣਿਆ ਪੁਲ
ਟੋਲ ਪਲਾਜ਼ਾ ਕੰਪਨੀ ਸਕਰੀਨ ਇਨਫਰਾਸਟਰੱਕਚਰ ਦੇ ਮੈਨੇਜਰ ਸਚਿਨ ਕਾਂਸਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਰਥਕ ਤੰਗੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਇਹ ਪੁਲ ਨਹੀਂ ਬਣ ਸਕਿਆ ਪਰ ਹੁਣ ਉਨ੍ਹਾਂ ਵਲੋਂ ਪੀ. ਡਬਲਯੂ. ਡੀ. ਨੂੰ ਪੈਸੇ ਜਮ੍ਹਾ ਕਰਵਾ ਦਿੱਤੇ ਹਨ, ਜਿਸ ਕਾਰਨ ਜਲਦ ਇਸ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।


author

rajwinder kaur

Content Editor

Related News