ਫੰਡਾਂ ਦੀ ਘਾਟ ਕਾਰਨ ਸੂਬੇ ਦਾ ਇਕੋ-ਇਕ ਸਪੋਰਟਸ ਸਕੂਲ ਬੰਦ ਹੋਣ ਕਿਨਾਰੇ, ਸਕਿਓਰਿਟੀ ਗਾਰਡ ਨੇ ਵੀ ਛੱਡੀ ਨੌਕਰੀ

Monday, Jul 18, 2022 - 11:43 AM (IST)

ਫੰਡਾਂ ਦੀ ਘਾਟ ਕਾਰਨ ਸੂਬੇ ਦਾ ਇਕੋ-ਇਕ ਸਪੋਰਟਸ ਸਕੂਲ ਬੰਦ ਹੋਣ ਕਿਨਾਰੇ, ਸਕਿਓਰਿਟੀ ਗਾਰਡ ਨੇ ਵੀ ਛੱਡੀ ਨੌਕਰੀ

ਸੰਗਤ ਮੰਡੀ (ਮਨਜੀਤ) : ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਮੁੱਖ ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਖ਼ੇਡਾਂ ਅਤੇ ਸਿੱਖਿਆ ’ਤੇ ਪੂਰਾ ਧਿਆਨ ਦਿੱਤਾ ਜਾਵੇਗਾ ਪਰ ਪਿੰਡ ਘੁੱਦਾ ’ਚ ਸੂਬੇ ਦਾ ਇਕੋ-ਇਕ ਬਣਿਆ ਸਪੋਰਟਸ ਸਕੂਲ ਫੰਡਾਂ ਦੀ ਘਾਟ ਕਾਰਨ ਦਮ ਤੋੜਨ ਕਿਨਾਰੇ ਹੈ। ਸਕੂਲ ਨੂੰ ਫੰਡ ਨਾ ਮਿਲਣ ਕਾਰਨ ਖਿਡਾਰੀ ਸਕੂਲ ’ਚੋਂ ਨਾਂ ਕਟਵਾ ਕੇ ਪਾਸਾ ਵੱਟਣ ਲੱਗ ਪਏ ਹਨ। ਅਕਾਲੀ ਸਰਕਾਰ ਬਦਲਣ ਤੋਂ ਬਾਅਦ 5 ਸਾਲ ਕਾਂਗਰਸ ਸਰਕਾਰ ਰਹੀ, ਜਿਸ ਨੇ ਵੀ ਸਕੂਲ ਨੂੰ ਅਣਗੌਲਿਆ ਹੀ ਕਰੀ ਰੱਖਿਆ। ਕਾਂਗਰਸ ਸਰਕਾਰ ਤੋਂ ਬਾਅਦ ਸੂਬੇ ’ਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਰ ਸਰਕਾਰ ਬਣਨ ਤੋਂ ਬਾਅਦ ਵੀ ਸਰਕਾਰ ਨੇ ਸਕੂਲ ਤੋਂ ਪਾਸਾ ਹੀ ਵੱਟਿਆ ਹੋਇਆ ਹੈ, ਜਦਕਿ ਖ਼ੁਦ ਮੁੱਖ ਮੰਤਰੀ ਇਸ ਸਕੂਲ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਸਕੱਤਰ ਹਨ।

ਇਹ ਵੀ ਪੜ੍ਹੋ: ਪੰਜਾਬ ’ਚ ਫਿਰ ਡੂੰਘਾ ਹੋ ਸਕਦੈ ਸਿੱਖ ਜਥੇਬੰਦੀਆਂ ਅਤੇ ਡੇਰਾ ਸਮਰਥਕਾਂ ਵਿਚਾਲੇ ਵਿਵਾਦ, ਪੁਲਸ ਅਲਰਟ

ਸਕੂਲ ਦੀ ਹਾਲਤ ਦਿਨੋਂ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਸਕੂਲ ’ਚ ਬਣੇ ਕਈ ਗਰਾਊਂਡ ਵੀ ਖ਼ਰਾਬ ਹੋ ਚੁੱਕੇ ਹਨ, ਜਿੱਥੇ ਪਹਿਲਾਂ ਬੱਚਿਆਂ ਦੀਆਂ ਇਸ ਸਕੂਲ ’ਚ ਲੱਗਣ ਲਈ ਪੂਰੇ ਪੰਜਾਬ ’ਚੋਂ ਲਾਇਨਾਂ ਲੱਗੀਆਂ ਰਹਿੰਦੀਆਂ ਸਨ ਉੱਥੇ ਹੀ ਹੁਣ ਹਾਲਾਤ ਇਹ ਹੋ ਗਏ ਹਨ ਕਿ ਫੰਡਾਂ ਦੀ ਘਾਟ ਕਾਰਨ ਖਿਡਾਰੀ ਸਕੂਲ ਨੂੰ ਛੱਡ-ਛੱਡ ਜਾ ਰਹੇ ਹਨ। ਬੇਸ਼ੱਕ ਸੂਬੇ ਦੇ ਖੇਡ ਮੰਤਰੀ ਮੀਤ ਹੇਅਰ ਵੱਲੋਂ ਵੀ ਸਕੂਲ ਦਾ ਦੌਰਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤਕ ਇਹ ਐਲਾਨ ਹੀ ਹੈ। ਇਸ ਤੋਂ ਇਲਾਵਾ ਐੱਸ. ਡੀ. ਐੱਮ., ਏ. ਡੀ. ਸੀ. ਅਤੇ ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦਾ ਦੌਰਾ ਕਰ ਕੇ ਹਾਲਾਤ ਨੂੰ ਵੇਖਿਆ ਜਾ ਚੁੱਕਿਆ ਹੈ ਪਰ ਉਸ ’ਤੇ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ।

ਮਾਪੇ ਹਰ ਮਹੀਨੇ ਆਪਣੇ ਪੱਲਿਓਂ ਪੈਸੇ ਖ਼ਰਚ ਕਰ ਕੇ ਬੱਚਿਆਂ ਨੂੰ ਦੇ ਰਹੇ ਡਾਇਟ

ਹਾਲਾਤ ਇਹ ਬਣੇ ਹੋਏ ਹਨ ਕਿ ਬੱਚਿਆਂ ਦੇ ਮਾਪੇ ਹਰ ਮਹੀਨੇ ਆਪਣੇ ਪੱਲਿਓਂ ਹਜ਼ਾਰਾਂ ਰੁਪਏ ਖ਼ਰਚ ਕਰ ਕੇ ਬੱਚਿਆਂ ਨੂੰ ਡਾਇਟ ਦੇ ਰਹੇ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਨਿੱਜੀ ਦਿਲਚਪਸੀ ਲੈ ਕੇ ਸਾਲ 2011 ’ਚ ਇਸ ਸਕੂਲ ਨੂੰ ਬਣਾਇਆ ਗਿਆ ਸੀ।ਸਕੂਲ ’ਚ ਅੱਵਲ ਦਰਜੇ ਦੇ ਖੇਡ ਗਰਾਊਂਡਾਂ ਤੋਂ ਇਲਾਵਾ ਹਰ ਇਕ ਬੱਚੇ ਨੂੰ ਰੋਜ਼ਾਨਾ ਦੋ ਸੌ ਰੁਪਏ ਪ੍ਰਤੀ ਡਾਇਟ ਦਿੱਤੀ ਜਾਂਦੀ ਸੀ। ਸਕੂਲ ਵੱਲੋਂ ਜਿੱਥੇ ਕਈ ਨਾਮੀ ਖਿਡਾਰੀ ਪੈਦਾ ਕੀਤੇ, ਉਥੇ ਸੂਬੇ ਲਈ ਖ਼ੇਡਿਆਂ ਉਨ੍ਹਾਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਸੂਬੇ ਦਾ ਨਾਂ ਵੀ ਰੌਸ਼ਨ ਕੀਤਾ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

102 ਬੱਚਿਆਂ ’ਚੋਂ 22 ਨੇ ਛੱਡਿਆ ਸਕੂਲ

ਅਪ੍ਰੈਲ ਮਹੀਨੇ ’ਚ ਸਕੂਲ ’ਚ ਬੱਚਿਆਂ ਦੀ ਭਰਤੀ ਲਈ ਟ੍ਰਾਇਲ ਕਰਵਾਏ ਗਏ ਸਨ, ਜਿਸ ’ਚੋਂ 102 ਬੱਚੇ ਪਾਸ ਹੋਏ ਸਨ ਪਰ ਇਕ ਮਹੀਨੇ ਬਾਅਦ ਹੀ ਇਨ੍ਹਾਂ ’ਚੋਂ ਵੀ ਲਗਭਗ 22 ਬੱਚੇ ਸਕੂਲ ਛੱਡ ਕੇ ਚਲੇ ਗਏ। ਹੁਣ ਸਿਰਫ਼ ਇਥੇ 80 ਦੇ ਲਗਭਗ ਬੱਚੇ ਪੜ੍ਹ ਰਹੇ ਹਨ। ਮਾਪਿਆਂ ਵੱਲੋਂ ਅੱਜ ਬੱਚਿਆਂ ਸਮੇਤ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ, ਜੇਕਰ ਕੋਈ ਜਲਦੀ ਹੱਲ ਨਾ ਨਿਕਲਿਆ ਤਾਂ ਮਾਪਿਆਂ ਵੱਲੋਂ ਸੰਘਰਸ਼ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਮਾਪਿਆਂ ਦਾ ਕਹਿਣਾ ਸੀ ਕਿ 'ਆਪ' ਸਰਕਾਰ ਵੱਲੋਂ ਸਰਕਾਰ ਬਣਨ ਤੋਂ ਪਹਿਲਾ ਸੂਬੇ ’ਚ ਸਿੱਖਿਆ ਅਤੇ ਖ਼ੇਡਾਂ ਨੂੰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਪਰ ਸਰਕਾਰ ਬਣੀ ਨੂੰ ਵੀ ਕਈ ਮਹੀਨੇ ਹੋ ਕੇ ਸੂਬੇ ਦਾ ਇਕਲੌਤਾ ਸਪੋਰਟਸ ਸਕੂਲ ਫੰਡਾਂ ਦੀ ਘਾਟ ਕਾਰਨ ਬੰਦ ਹੋਣ ਕਿਨਾਰੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਕੋਰੋਨਾ ਮਹਾਮਾਰੀ ਤੋਂ ਬਾਅਦ ਸਕੂਲ ਨੂੰ ਕੋਈ ਫੰਡ ਨਹੀਂ ਮਿਲਿਆ: ਪ੍ਰਿੰਸੀਪਲ

ਜਦ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਪ੍ਰੇਮ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਤੋਂ ਬਾਅਦ ਸਕੂਲ ਨੂੰ ਕੋਈ ਫੰਡ ਨਹੀਂ ਮਿਲਿਆ, ਇਸ ਸਬੰਧੀ ਉਹ ਦਰਜਨਾਂ ਵਾਰ ਡਿਪਟੀ ਕਮਿਸ਼ਨਰ ਨੂੰ ਮਿਲ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਨਾਂ ’ਤੇ ਬਾਦਲ ਸਰਕਾਰ ਵੱਲੋਂ 15 ਕਰੋੜ ਦਾ ਫਿਕਸ ਡਿਪੋਜਟ ਕਰਵਾਇਆ ਹੋਇਆ ਸੀ, ਜਿਸ ਦੇ ਵਿਆਜ਼ ਨਾਲ ਹੀ ਇਹ ਸਕੂਲ ਹੁਣ ਤਕ ਚੱਲਦਾ ਆ ਰਿਹਾ ਸੀ ਪਰ ਸਟਾਫ਼ ਦੀ ਤਨਖ਼ਾਹ ਵਧ ਗਈ ਅਤੇ ਬੈਂਕ ਦਾ ਵਿਆਜ਼ ਘਟ ਗਿਆ, ਜਿਸ ਕਾਰਨ ਇਹ ਪਾੜਾ ਹਰ ਸਾਲ ਵੱਡਾ ਹੁੰਦਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਮਾਪੇ ਖ਼ੁਦ ਆਪਣੇ ਬੱਚਿਆਂ ਨੂੰ ਡਾਇਟ ਦੇ ਰਹੇ ਹਨ, ਇਹ ਕਦੋਂ ਤਕ ਚੱਲੇਗਾ, ਮਾਪੇ ਵੀ ਪ੍ਰੇਸ਼ਾਨ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਫੰਡਾਂ ਦੀ ਘਾਟ ਕਾਰਨ ਸਕਿਉਰਿਟੀ ਗਾਰਡ ਵੀ ਨੌਕਰੀ ਛੱਡ ਕੇ ਚਲੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News