ਸਿੰਗਲਾ ਵੱਲੋਂ ਸਰਕਾਰੀ ਸਕੂਲਾਂ ’ਚ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ

10/23/2021 7:57:45 PM

ਭਵਾਨੀਗੜ੍ਹ (ਵਿਕਾਸ) : ਲੋਕ ਨਿਰਮਾਣ ਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਵੱਲੋਂ ਅੱਜ ਭਵਾਨੀਗੜ੍ਹ ਬਲਾਕ ਦੇ ਲੋਕਲ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਸ਼੍ਰੀ ਸੱਤਿਆ ਸਾਈਂ ਅੰਨਪੂਰਨਾ ਟਰੱਸਟ ਵੱਲੋਂ ਸਰਕਾਰੀ ਸਕੂਲਾਂ ’ਚ ਸਵੇਰ ਦੇ ਸਮੇਂ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸਿੰਗਲਾ ਨੇ ਕਿਹਾ ਕਿ ਅੱਜ ਚਲਾਇਆ ਜਾ ਰਿਹਾ ਇਹ ਪਾਇਲਟ ਪ੍ਰੋਜੈਕਟ ਸ਼ੁਰੂਆਤੀ ਤੌਰ ’ਤੇ ਤਿੰਨ ਮਹੀਨਿਆਂ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸਫਲਤਾ ਤੋਂ ਬਾਅਦ ਇਸ ਨੂੰ ਪੂਰੇ ਸਮੇਂ ਲਈ ਚਲਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅੱਜ ਤੋਂ ਇਲਾਕੇ ਦੇ 1000 ਵਿਦਿਆਰਥੀਆਂ ਨੂੰ ਡੀਹਾਈਡ੍ਰੇਟਿਡ ਪਾਊਡਰ ਦੇ ਰੂਪ ’ਚ ਸੰਤੁਲਿਤ ਭੋਜਨ ਦੀ ਖ਼ੁਰਾਕ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਾਊਡਰ ’ਚ ਬੱਚਿਆਂ ਦੇ ਵਿਕਾਸ ਲਈ ਲੋੜੀਂਦੇ ਸਾਰੇ ਜ਼ਰੂਰੀ ਤੱਤ ਤੇ ਵਿਟਾਮਿਨ ਸ਼ਾਮਲ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਪਾਊਡਰ ਨੂੰ ਸਾਫ਼ ਪਾਣੀ ’ਚ ਘੋਲ ਕੇ ਵਿਦਿਆਰਥੀਆਂ ਨੂੰ ਪਿਲਾਇਆ ਜਾਵੇਗਾ, ਜਿਸ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਨਿਯਮਿਤ ਹੋ ਸਕੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ’ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਹਲਕੇ ਦੇ ਹਰ ਇਕ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ’ਚ ਤਬਦੀਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਉਹ ਇਲਾਕੇ ਦੇ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣੀਆਂ ਜ਼ਰੂਰ ਯਕੀਨੀ ਬਣਾਉਣਗੇ। ਇਸ ਮੌਕੇ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਕੁਲਦੀਪ ਸਿੰਘ ਭੁੱਲਰ, ਹਰੀ ਸਿੰਘ ਫੱਗੂਵਾਲਾ, ਰੌਕੀ ਬਾਂਸਲ, ਗੌਰਵ ਸਿੰਗਲਾ, ਚਮਕੌਰ ਜੱਸੀ, ਧਰੁਵ ਗਰਗ ਆਦਿ ਵੀ ਮੌਜੂਦ ਸਨ।


Manoj

Content Editor

Related News