ਮੋਦੀ ਤੇ ਕੈਪਟਨ ਸਰਕਾਰ ਵਿਰੁੱਧ ਵੱਡਾ ਸੰਘਰਸ਼ ਵਿੱਢਣਗੀਆਂ ਸਿੱਖ ਜਥੇਬੰਦੀਆਂ : ਸਿਮਰਨਜੀਤ ਮਾਨ

12/8/2019 1:25:32 AM

ਬਠਿੰਡਾ : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਸਿੱਖਾਂ ਨੂੰ ਹਰ ਢੰਗ ਨਾਲ ਖਤਮ ਕਰਨ ਦੀਆਂ ਚਾਲਾਂ ਚੱਲ ਰਹੀਆਂ ਹਨ, ਜਿਸਦਾ ਸਪੱਸ਼ਟ ਮਤਲਬ ਹੈ ਕਿ ਸਿੱਖਾਂ ਨਾਲ ਟਕਰਾਅ ਪੈਦਾ ਕਰਕੇ ਮੁੜ '84 ਦੇ ਦੰਗਿਆਂ ਨੂੰ ਦੁਹਰਾਇਆ ਜਾ ਸਕੇ ਜੋ ਕਿ ਦੇਸ਼ ਲਈ ਚੰਗਾ ਨਹੀਂ ਹੋਵੇਗਾ। ਜੇਕਰ ਅਜਿਹਾ ਹੋਇਆ ਤਾਂ ਸਮੂਹ ਸਿੱਖ ਜਥੇਬੰਦੀਆਂ, ਧਾਰਮਿਕ ਤੇ ਰਾਜਸੀ ਪਾਰਟੀਆਂ ਇਕੱਤਰ ਹੋ ਕੇ ਇਕ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।

ਸ. ਮਾਨ ਨੇ ਅੱਗੇ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਬਰਗਾੜੀ ਮੋਰਚਾ ਲੱਗਾ ਤਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਨਾ ਸਿਰਫ ਬੇਅਦਬੀ ਦੇ ਦੋਸ਼ੀਆਂ ਨੂੰ ਜੇਲਾਂ ਵਿਚ ਡੱਕਿਆ ਜਾਵੇਗਾ, ਸਗੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਾਂ ਜੇਲਾਂ 'ਚ ਬੰਦ ਬੇਕਸੂਰ ਸਿੱਖਾਂ ਨੂੰ ਵੀ ਰਿਹਾਅ ਕੀਤਾ ਜਾਵੇਗਾ, ਜਿਸ ਤੋਂ ਬਾਅਦ ਬਰਗਾੜੀ ਮੋਰਚਾ ਸਮਾਪਤ ਕੀਤਾ ਗਿਆ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਮੁੱਖ ਮੰਤਰੀ ਨੇ ਅੱਜ ਤੱਕ ਸਿੱਖਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਾਰੀਆਂ ਮੰਗਾਂ ਜਿਉਂ ਦੀ ਤਿਉਂ ਹਨ। ਇਸ ਸਬੰਧੀ 10 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਕਸ਼ਮੀਰ ਦੇ ਲਾਲ ਚੌਕ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਜਲਦੀ ਹੀ ਸਰਬੱਤ ਖਾਲਸਾ ਦੀਆਂ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਪਰਮਿੰਦਰ ਸਿੰਘ ਬਾਲਿਆਂਵਾਲੀ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਉੱਜਲ ਸਿੰਘ, ਹਰਫੂਲ ਸਿੰਘ, ਸੁਖਦੇਵ ਸਿੰਘ ਕਾਲਾ, ਰਜਿੰਦਰ ਸਿੰਘ ਸਿਮਰਨਜੋਤ ਸਿੰਘ, ਅਮਰਿੰਦਰ ਸਿੰਘ, ਗੁਰਜੰਟ ਸਿੰਘ, ਜਸਪਾਲ ਸਿੰਘ ਖਾਲਸਾ, ਯਾਦਵਿੰਦਰ ਸਿੰਘ ਭਾਗੀਵਾਂਦਰ, ਮਨਜੀਤ ਸਿੰਘ ਸੀਰਾ ਕੋਟਸ਼ਮੀਰ ਆਦਿ ਹਾਜ਼ਰ ਸਨ।