ਸੈਣੀ ਅਤੇ ਸੁਖਬੀਰ ਨੂੰ ਹਿਰਾਸਤ ''ਚ ਲਿਆ ਜਾਵੇ : ਦਲ ਖਾਲਸਾ

05/31/2019 11:03:44 AM

ਕੋਟ ਈਸੇ ਖਾਂ (ਛਾਬੜਾ)—ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵੱਲੋਂ ਪੇਸ਼ ਕੀਤੇ ਗਏ ਚਲਾਨ 'ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਸੁਖਬੀਰ ਬਾਦਲ ਨੂੰ ਬੇਅਦਬੀ ਦੀਆਂ ਘਟਨਾਵਾਂ ਨੂੰ ਵਿਉਂਤਬੰਦ ਕਰਨ ਲਈ ਜ਼ਿੰਮੇਵਾਰ ਠਹਿਰਾਉਣ ਉੱਤੇ ਟਿੱਪਣੀ ਕਰਦਿਆਂ ਦਲ ਖਾਲਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਦੋਨਾਂ ਨੂੰ ਹਿਰਾਸਤ 'ਚ ਲੈ ਕੇ ਸਾਰੀ ਸਾਜਿਸ਼ ਨੂੰ ਬੇਨਕਾਬ ਕਰੇ। ਪਾਰਟੀ ਵੱਲੋਂ ਜੂਨ 84 ਘੱਲੂਘਾਰੇ ਦੀ ਯਾਦ 'ਚ 5 ਜੂਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਘੱਲੂਘਾਰਾ ਯਾਦਗਾਰੀ ਮਾਰਚ ਬਾਰੇ ਆਪਣੇ ਕਾਰਕੁੰਨਾਂ ਨਾਲ ਗੱਲਬਾਤ ਕਰਨ ਕੋਟ ਈਸੇ ਖਾਂ ਵਿਖੇ ਪਹੁੰਚੇ ਪਾਰਟੀ ਆਗੂਆਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਉਤੇ ਲੱਗੇ ਇਲਜਾਮ ਗੰਭੀਰ ਹਨ। ਉਨ੍ਹਾਂ ਸੁਖਬੀਰ ਅਤੇ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਦੀ ਵੀ ਹਿਰਾਸਤੀ ਪੁੱਛ-ਗਿੱਛ ਹੋਣੀ ਚਾਹੀਦੀ ਹੈ ਕਿਉਂਕਿ ਤਿੰਨੇ ਹੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ, ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਅਤੇ ਦੋ ਸਿੱਖ ਨੌਜਵਾਨਾਂ ਦੇ ਕਤਲ ਲਈ ਬਰਾਬਰ ਦੇ ਜ਼ਿੰਮੇਵਾਰ ਹਨ।

ਪਾਰਟੀ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਬੇਸ਼ੱਕ ਭਾਰਤ ਅੰਦਰ ਹਿੰਦੂਤਵੀ ਵਿਚਾਰਧਾਰਾ ਵਾਲੀ ਭਾਜਪਾ ਅਤੇ ਪੰਜਾਬ ਅੰਦਰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਵਾਲੀ ਕਾਂਗਰਸ ਨੂੰ ਲੋਕ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਹੋਈ ਹੈ, ਇਸਦੇ ਬਾਵਜੂਦ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਪੀੜ ਸਿੱਖ ਹਿਰਦਿਆਂ ਅੰਦਰ ਸੱਜਰੀ ਹੈ ਅਤੇ ਸਿੱਖ ਇਸ ਸਾਕੇ ਨੂੰ ਭੁੱਲੇ ਨਹੀਂ ਹਨ ਅਤੇ ਨਾ ਹੀ ਦੋਸ਼ੀਆਂ ਨੂੰ ਮੁਆਫ ਕੀਤਾ ਹੈ। ਉਨ੍ਹਾਂ ਫਰੀਦਕੋਟ 'ਚ ਜਸਪਾਲ ਸਿੰਘ ਦੇ ਜੇਲ੍ਹ ਅੰਦਰ ਹੋਏ ਕਤਲ ਦੀ ਜਾਂਚ ਸੈਸ਼ਨ ਕੋਰਟ ਦੇ ਜੱਜ ਕੋਲੋਂ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਸਥਾਨਕ ਐੱਸ. ਐੱਸ. ਪੀ. ਨੂੰ ਸੀਟ ਤੋਂ ਲਾਂਭੇ ਕਰਨਾ ਚਾਹੀਦਾ ਹੈ।
ਇਸ ਮੌਕੇ ਸੁਰਜੀਤ ਸਿੰਘ, ਜਸਵੀਰ ਸਿੰਘ ਖੰਡੂਰ, ਜਗਜੀਤ ਸਿੰਘ ਖੋਸਾ, ਗੁਰਭਾਗ ਸਿੰਘ, ਗੁਰਨਾਮ ਸਿੰਘ, ਮਹਿਲ ਸਿੰਘ ਦਾਤੇਵਾਲ, ਗੁਰਪ੍ਰੀਤ ਸਿੰਘ ਖਾਲਸਾ, ਬਾਬਾ ਤਾਰਾ ਸਿੰਘ, ਭਾਈ ਕਸ਼ਮੀਰ ਸਿੰਘ, ਅਮਰਜੀਤ ਸਿੰਘ, ਭਾਈ ਰਣਜੀਤ ਸਿੰਘ, ਰਾਜਿੰਦਰ ਸਿੰਘ ਖੋਸਾ, ਗੁਰਬਚਨ ਸਿੰਘ ਗਗੜਾ ਆਦਿ ਆਗੂ ਵੀ ਹਾਜ਼ਰ ਸਨ।


Shyna

Content Editor

Related News