ਕੋਟਪਾ ਐਕਟ ਤਹਿਤ 13 ਦੁਕਾਨਦਾਰਾਂ ਨੂੰ ਕੀਤਾ 2400 ਰੁਪਏ ਜੁਰਮਾਨਾ
Saturday, Jan 19, 2019 - 06:35 AM (IST)
ਪਟਿਆਲਾ, (ਜੋਸਨ)- ਜ਼ਿਲਾ ਸਿਹਤ ਵਿਭਾਗ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ’ਤੇ ਵੱਡੀ ਕਾਰਵਾਈ ਕਰਦਿਆਂ ਚੋਰਸੀਆ ਪਾਨ ਭੰਡਾਰ ਦੀਆਂ 2 ਦੁਕਾਨਾਂ ਤੋਂ 3 ਤੰਬਾਕੂ ਪਦਾਰਥਾਂ ਦੇ ਸੈਂਪਲ ਭਰੇ ਗਏ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲੀਲਾ ਭਵਨ ਚੌਕ ਵਿਖੇ ਚੋਰਸਿਆ ਪਾਨ ਭੰਡਾਰ ਦੀ ਦੁਕਾਨ ਅੰਦਰ ਸ਼ਰੇਆਮ ਸਿਗਰਟਨੋਸ਼ੀ ਕੀਤੀ ਜਾਂਦੀ ਹੈ। ਖੁੱਲ੍ਹੀਆਂ ਸਿਗਰਟਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ®ਇਸ ਦੇ ਨਾਲ-ਨਾਲ ਦੁਕਾਨ ਮਾਲਕ ਵੱਲੋਂ ਤੰਬਾਕੂ ਪਦਾਰਥਾਂ ਦੀ ਵਿਕਰੀ ਵੀ ਕੀਤੀ ਜਾ ਰਹੀ ਹੈ। ਇਸ ’ਤੇ ਕਾਰਵਾਈ ਲਈ ਸਿਵਲ ਸਰਜਨ ਵੱਲੋਂ ਜ਼ਿਲਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ, ਸਹਾਇਕ ਸਿਹਤ ਅਫਸਰ-ਕਮ-ਤੰਬਾਕੂ ਨੋਡਲ ਅਫਸਰ ਡਾ. ਮਲਕੀਤ ਸਿੰਘ, ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ, ਮਾਸ ਮੀਡੀਆ ਕ੍ਰਿਸ਼ਨ ਕੁਮਾਰ ਅਤੇ ਸੈਨੇਟਰੀ ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ ਹੇਠ ਟੀਮ ਤਿਆਰ ਕੀਤੀ ਗਈ। ਟੀਮ ਵੱਲੋਂ ਲੀਲਾ ਭਵਨ ਵਿਖੇ ਸਥਿਤ ਚੋਰਸੀਆ ਪਾਨ ਭੰਡਾਰ ਦੀ ਦੁਕਾਨ ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਦੇਖਿਆ ਗਿਆ ਕਿ ਦੁਕਾਨ ਦੇ ਮਾਲਕ ਰਾਜਨ ਕੁਮਾਰ ਵੱਲੋਂ ਸ਼ਰੇਆਮ ਦੁਕਾਨ ਵਿਚ ਖੁੱਲ੍ਹੀਆਂ ਸਿਗਰਟਾਂ ਰੱਖੀਆਂ ਹੋਈਆਂ ਸਨ। ਦੁਕਾਨ ’ਚ ਸਿਗਰਟਨੋਸ਼ੀ ਹੋਣ ਦੇ ਨਾਲ-ਨਾਲ ਤੰਬਾਕੂ ਪਦਾਰਥਾਂ ਦੀ ਵਿਕਰੀ ਵੀ ਕੀਤੀ ਜਾ ਰਹੀ ਸੀ। ਇਸ ਦਾ ਸਖਤ ਨੋਟਿਸ ਲੈਂਦੇ ਹੋਏ ਟੀਮ ਵੱਲੋਂ ਸਬੰਧਤ ਮਾਲਕ ਦੇ ਕੋਟਪਾ ਐਕਟ ਦੀ ਧਾਰਾ 4 ਤਹਿਤ 3 ਚਲਾਨ ਕਰ ਕੇ 600 ਰੁਪਏ ਦਾ ਜੁਰਮਾਨਾ ਕੀਤਾ ਗਿਆ। ਖੁੱਲ੍ਹੀਆਂ ਸਿਗਰਟਾਂ ਨੂੰ ਨਸ਼ਟ ਕਰ ਦਿੱਤਾ ਗਿਆ। ਕੂਲ ਲਿਪ ਫਿਲਟਰ ਤੰਬਾਕੂ ਪਦਾਰਥ ਦਾ ਸੈਂਪਲ ਵੀ ਭਰਿਆ ਗਿਆ। ਇਸੇ ਤਰ੍ਹਾਂ 22 ਨੰਬਰ ਫਾਟਕ ਕੋਲ ਸਥਿਤ ਚੋਰਸਿਆ ਪਾਨ ਭੰਡਾਰ ਦੀ ਦੁਕਾਨ ਮਾਲਕ ਦਾ ਚਲਾਨ ਕੱਟਣ ਦੇ ਨਾਲ ਹੀ ਦੁਕਾਨ ਤੋਂ ਰਜਨੀ ਗੰਧਾ ਫਲੇਵਰ ਪਾਨ ਮਸਾਲਾ ਅਤੇ ਤੁਲਸੀ ਰੋਇਲ ਜਫਰਾਨੀ ਜਰਦੇ ਦੇ ਸੈਂਪਲ ਨਿਕੋਟੀਨ ਦੀ ਜਾਂਚ ਲਈ ਭਰੇ ਗਏ। ਜ਼ਿਲਾ ਸਿਹਤ ਅਫਸਰ ਡਾ. ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਭਰੇ ਗਏ ਨਮੂਨਿਆਂ ਨੂੰ ਲੈਬਾਰਟਰੀ ਜਾਂਚ ਲਈ ਚੰਡੀਗਡ਼੍ਹ ਵਿਖੇ ਭੇਜਿਆ ਜਾਵੇਗਾ। ਰਿਪੋਰਟ ਦੇ ਆਧਾਰ ’ਤੇ ਦੁਕਾਨ ਮਾਲਕ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਡਲ ਅਫਸਰ ਡਾ. ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋ ਅੱਜ ਕੁੱਲ 13 ਵਿਅਕਤੀਆਂ ਨੂੰ ਕੋਟਪਾ ਐਕਟ ਦੀ ਉਲੰਘਣਾ ਕਰਨ ਤੇ 2400 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਮਿਲੀ ਸ਼ਿਕਾਇਤ ਤੋਂ ਬਾਅਦ ਟੀਮ ਵੱਲੋਂ ਡੀ. ਏ. ਵੀ. ਸਕੂਲ ਦੇ 100 ਗਜ਼ ਦੇ ਘੇਰੇ ਵਿਚ ਸਥਿਤ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੇ ਖੋਖੇ ਨੂੰ ਬੰਦ ਕਰਵਾ ਦਿੱਤਾ ਹੈ। ਨਾਲ ਹੀ ਸਕੂਲ ਪ੍ਰਿੰਸੀਪਲ ਨੂੰ ਮਿਉਂਸੀਪਲ ਕਾਰਪੋਰੇਸ਼ਨ/ ਪੁਲਸ ਨਾਲ ਤਾਲਮੇਲ ਕਰ ਕੇ ਉਹ ਖੋਖਾ ਸਕੂਲ ਦੇ 100 ਗਜ਼ ਦੇ ਘੇਰੇ ਵਿਚੋਂ ਚੁਕਵਾਉਣ ਸਬੰਧੀ ਲਿਖ ਦਿੱਤਾ ਹੈ।
