ਗੋਲੀ ਮਾਰਨ ਦੀ ਧਮਕੀ ਦੇ ਕੇ ਖੋਹੀ ਕਾਰ, ਕੀਤੀ ਹਵਾਈ ਫਾਇਰਿੰਗ

05/19/2020 12:20:29 PM

ਮੋਗਾ (ਆਜ਼ਾਦ): ਮੋਗਾ ਜ਼ਿਲੇ ਦੇ ਪਿੰਡ ਅਜੀਤਵਾਲ ਕੋਲ 3 ਅਣਪਛਾਤੇ ਹਥਿਆਰਬੰਦ ਲੁਟੇਰੇ ਵਿਅਕਤੀਆਂ ਵਲੋਂ ਗੋਲੀ ਮਾਰਨ ਦੀ ਧਮਕੀ ਦੇ ਕੇ ਪ੍ਰੀਤਮ ਸਿੰਘ ਨਿਵਾਸੀ ਪਿੰਡ ਚੂਹੜਚੱਕ ਤੋਂ ਕਾਰ ਖੋਹ ਕੇ ਲੈ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ’ਚ ਅਜੀਤਵਾਲ ਪੁਲਸ ਵਲੋਂ ਪ੍ਰੀਤਮ ਸਿੰਘ ਪੁੱਤਰ ਮਲਕੀਤ ਸਿੰਘ ਦੇ ਬਿਆਨਾਂ ’ਤੇ 3 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣੇਦਾਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪ੍ਰੀਤਮ ਸਿੰਘ ਨੇ ਕਿਹਾ ਕਿ ਉਹ ਗਿੱਲ ਰਾਈਸ ਮਿੱਲ ਪਿੰਡ ਚੂਹੜਚੱਕ ’ਚ ਨੌਕਰੀ ਕਰਦਾ ਹੈ ਜਦ ਉਹ ਕੁੱਝ ਵਿਅਕਤੀਆਂ ਨੂੰ ਕਾਰ ’ਚ ਅਜੀਤਵਾਲ ਛੱਡ ਕੇ ਵਾਪਸ ਜਾ ਰਿਹਾ ਸੀ ਤਾਂ ਰਸਤੇ ’ਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਵਿਅਕਤੀਆਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਦੇ ਅੱਗੇ ਲਾ ਕੇ ਮੈਨੂੰ ਘੇਰ ਲਿਆ ਅਤੇ ਆਪਣੇ ਪਿਸਟਲ ਨਾਲ ਹਵਾਈ ਫਾਇਰ ਕੀਤੇ ਅਤੇ ਗੋਲੀ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਕਾਰ ਖੋਹ ਲਈ ਅਤੇ ਫਰਾਰ ਹੋ ਗਏ।ਜਾਂਚ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਉਹ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ, ਤਾਂਕਿ ਲੁਟੇਰਿਆਂ ਦਾ ਕੋਈ ਸੁਰਾਗ ਮਿਲ ਸਕੇ। ਉਨ੍ਹਾਂ ਕਿਹਾ ਕਿ ਅਣਪਛਾਤੇ ਲੁਟੇਰਿਆਂ ਅਤੇ ਕਾਰ ਦੀ ਤਲਾਸ਼ ਲਈ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ। ਜਲਦ ਹੀ ਲੁਟੇਰਿਆਂ ਦਾ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।


Shyna

Content Editor

Related News