ਨਗਰ ਕੌਂਸਲ ਦਾ ਨਵਾਂ ਬੱਸ ਅੱਡਾ ਬਣਿਆ ਸ਼ੌਅ ਪੀਸ, ਸਥਾਨਕ ਲੋਕ ਪਰੇਸ਼ਾਨ

12/07/2020 6:12:47 PM

ਤਪਾ ਮੰਡੀ (ਮੇਸ਼ੀ,ਹਰੀਸ਼) : ਤਪਾ ਨਗਰ ਕੌਂਸਲ ਦੇ ਨਵੇਂ ਬਣੇ ਬੱਸ ਸਟੈਂਡ ਵਿਚ ਬੱਸਾਂ ਅੰਦਰ ਨਾ ਜਾਣ ਕਰਕੇ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਬਾਈਪਾਸ 'ਤੇ ਬਾਹਰ ਬੱਸਾਂ ਸੜਕ 'ਤੇ ਹੀ ਖੜ੍ਹੇ ਹੋਣ ਕਾਰਨ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਆਪਣੇ ਵਾਹਨਾਂ ਸਮੇਤ ਵੱਡੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਲੋਕਾਂ 'ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਥੋਂ ਦੇ ਲੋਕਾਂ ਨੇ ਦੱਸਿਆ ਕਿ 2012 ਵਿਚ ਬਣੇ ਇਸ ਨਵੇਂ ਬੱਸ ਸਟੈਂਡ 'ਤੇ ਕਈ ਕਰੋੜ ਰੁਪਏ ਖਰਚ ਕੀਤੇ ਗਏ ਸਨ ਜਿਸ ਵਿਚ ਲੋਕਾਂ ਲਈ ਸਮੂਹ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ ਪਰ ਦਹਾਕੇ ਦੇ ਕਰੀਬ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਬੱਸ ਸਟੈਂਡ ਕਿਸੇ ਕੰਮ ਨਾ ਆਉਣ ਕਾਰਨ ਇਕ ਸ਼ੌਅ ਪੀਸ ਬਣ ਕੇ ਰਹਿ ਗਿਆ ਹੈ। ਇਸ ਅੰਦਰ ਬੱਸਾਂ ਨੂੰ ਲਿਜਾਣ ਲਈ ਪ੍ਰਸ਼ਾਸਨਿਕ ਤੌਰ 'ਤੇ ਕੋਈ ਦਬਾਅ ਜਾਂ ਮੁੱਖ ਸੜਕ 'ਤੇ ਖੜ੍ਹੇ•ਨਾ ਕਰਨ ਸਬੰਧੀ ਕੋਈ ਚਲਾਨ ਕੱਟਣ ਦੀ ਕਾਰਵਾਈ ਨਹੀ ਕੀਤੀ ਗਈ। ਸਗੋਂ ਬੱਸ ਚਾਲਕਾਂ ਨੂੰ ਸਹੂਲਤ ਪ੍ਰਦਾਨ ਕਰਦਿਆਂ ਨਗਰ ਕੌਂਸਲ ਵੱਲੋਂ ਅੱਡਾ ਫੀਸ ਪਰਚੀਆਂ ਵੀ ਬਾਈਪਾਸ 'ਤੇ ਹੀ ਕੱਟੀਆਂ ਜਾ ਰਹੀਆਂ ਹਨ। ਜਿੱਥੇ ਨਗਰ ਕੌਂਸਲ ਵੱਲੋਂ ਅੱਡਾ ਪਰਚੀ ਬੱਸ ਅੱਡੇ ਅੰਦਰ ਹੀ ਕੱਟੀ ਜਾਣੀ ਬਣਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਬੱਸ ਸਰਕਾਰੀ ਨਿਯਮਾਂ ਅਨੁਸਾਰ ਸਟੈਂਡ ਅੰਦਰ ਹੋ ਕੇ ਆਈ ਹੈ। ਇਸ ਤੋਂ ਇਲਾਵਾ ਬੱਸ ਮਾਲਕਾਂ ਵੱਲੋਂ ਆਪਣੀਆਂ ਮਿੰਨੀ ਬੱਸਾਂ ਨੂੰ ਪਾਰਕਿੰਗ ਲਈ ਹੀ ਵਰਤਿਆ ਜਾ ਰਿਹਾ ਹੈ ਅਤੇ ਇੱਥੇ ਹੀ ਸੜਕਾਂ ਦੇ ਸਬੰਧਿਤ ਠੇਕੇਦਾਰ ਵੱਲੋਂ ਸ਼ਹਿਰ ਅੰਦਰ ਸੜਕ ਦੇ ਕੰਮ ਲਈ ਵਰਤੀ ਜਾ ਰਹੀ ਸਮੱਗਰੀ ਦੇ ਢੇਰ  ਅਤੇ ਕਬਾੜ ਸੁੱਟਕੇ ਡੰਪ ਬਣਾਇਆ ਹੋਇਆ ਹੈ। ਜਿੱਥੋਂ ਸਾਬਤ ਹੁੰਦਾ ਹੈ ਕਿ ਇਹ ਬੱਸ ਸਟੈਂਡ ਨਹੀ ਬਲਕਿ ਨਗਰ ਕੌਂਸਲ ਨੇ ਕਰੋੜਾਂ ਦੀ ਲਾਗਤ ਨਾਲ ਵਾਧੂ ਵਰਤਣ ਲਈ ਖੁੱਲ੍ਹੀ ਥਾਂ ਦਿੱਤੀ ਹੋਈ ਹੈ। ਜਿਸ ਕਰਕੇ ਲੋਕਾਂ ਨੂੰ ਮਿਲਣ ਵਾਲੀਆਂ ਸਮੂਹ ਸਹੂਲਤਾਂ ਦਰਕਿਨਾਰ ਕੀਤੀਆਂ ਜਾ ਰਹੀਆਂ ਹਨ। 

PunjabKesari

ਸਵਾਰੀਆਂ ਲਈ ਭਾਰੀ ਮੁਸ਼ਕਲਾਂ

ਇੱਥੇ ਇਹ ਵੀ ਦੱਸਣਯੋਗ ਹੈ ਕਿ ਸਵਾਰੀਆਂ ਦੀ ਸਹੂਲਤ ਲਈ ਬਾਈਪਾਸ 'ਤੇ ਹੀ  ਜਨਤਕ ਪਖਾਨੇ ਬਣਾਏ ਗਏ ਸਨ, ਜਿਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਜਿੰਦਰਾ ਮਾਰਿਆ ਹੋਇਆ ਹੈ। ਜਿਸ ਕਰਕੇ ਔਰਤਾਂ, ਬੱਚਿਆਂ ਅਤੇ ਬਜੁਰਗਾਂ ਨੂੰ ਪਿਸ਼ਾਬ ਘਰ ਦੀ ਵੱਡੀ ਸਮੱਸਿਆ ਪੇਸ਼ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਇਹ ਪਿਸ਼ਾਬ ਘਰ ਬਣਾਇਆ ਹੀ ਹੈ ਤਾਂ ਉਸਨੂੰ ਜਿੰਦਰੇ ਕਿਉਂ ਮਾਰੇ ਗਏ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਬਾਹਰ ਆਰਜੀ ਬੱਸ ਸਟੈਂਡ ਦੇ ਨਜਦੀਕ ਬਣੇ ਪਿਸ਼ਾਬ ਘਰ ਦੇ ਜਿੰਦਰੇ ਖੋਲ੍ਹੇ ਜਾਣ ਅਤੇ ਸਮੂਹ ਰੂਟਾਂ ਦੀਆਂ ਬੱਸਾਂ ਨੂੰ ਨਵੇਂ ਬਣੇ ਬੱਸ ਸਟੈਂਡ ਵਿਚ ਲਿਜਾਇਆ ਜਾਵੇ ਅਤੇ ਠੇਕੇਦਾਰ ਵੱਲੋਂ ਵਰਤੀ ਜਾ ਰਹੀ ਬੱਸ ਸਟੈਂਡ ਦੀ ਜਗ੍ਹਾਂ ਨੂੰ ਖਾਲ੍ਹੀ ਕਰਵਾਇਆ ਜਾਵੇ। ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। 

PunjabKesari

ਨਗਰ ਕੌਂਸਲ ਨੇ ਦਿੱਤੀ ਸਫ਼ਾਈ

ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ.ਓ ਬਾਲਕ੍ਰਿਸ਼ਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਇਹ ਬਾਥਰੂਮ ਬੰਦ ਕੀਤੇ ਹੋਏ ਹਨ ਇਨ੍ਹਾਂ ਦੀ ਚਾਬੀ ਮਾਰਕਿਟ ਦੇ ਦੁਕਾਨਦਾਰਾਂ ਨੂੰ ਸੌਂਪੀ ਗਈ ਸੀ ਜਿਸਨੂੰ ਸਵਾਰੀਆਂ ਲਈ ਬੰਦ ਕੀਤਾ ਗਿਆ ਸੀ। ਇੱਥੋਂ ਸਮਾਨ ਚੋਰੀ ਅਤੇ ਸਾਫ ਸਫਾਈ ਨਾ ਹੋਣ ਕਾਰਨ ਦਿੱਕਤਾਂ ਪੇਸ਼ ਹੋ ਰਹੀਆਂ ਸਨ, ਜਿਸ ਕਰਕੇ ਹੁਣ ਜਿਲ੍ਹਾ ਪ੍ਰਸ਼ਾਸ਼ਨ ਤੋਂ ਸੰਭਾਲ ਸਬੰਧੀ ਇਕ ਪੱਕੇ ਬੰਦੇ ਦੀ ਡਿਊਟੀ ਪ੍ਰਵਾਨ ਕਰਵਾਈ ਗਈ ਹੈ। ਅੱਗੇ ਦੱਸਿਆ ਕਿ ਬੱਸ ਸਟੈਂਡ ਅੰਦਰ ਬੱਸਾਂ ਨੂੰ ਲਿਜਾਣ ਲਈ ਜਿਲ੍ਹਾ ਪ੍ਰਸ਼ਾਸ਼ਨ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਬੱਸ ਅੱਡੇ ਅੰਦਰ ਅੱਡਾ ਫੀਸ ਵਸੂਲਣ ਦੀ ਪ੍ਰਕ੍ਰਿਆ ਵੀ ਬਣਾਈ ਜਾਵੇਗੀ। ਅੰਦਰਲਾ ਬੱਸ ਅੱਡਾ ਬੰਦ ਕਰਕੇ ਨਵੇਂ ਬੱਸ ਅੱਡੇ 'ਚ ਮਿੰਨੀ ਬੱਸਾਂ ਖੜਾਉਣ ਦੇ ਹੁਕਮ ਜਾਰੀ ਕੀਤੇ ਜਾਣਗੇ ਅਤੇ ਸਬੰਧਿਤ ਠੇਕੇਦਾਰ ਨੂੰ ਸਮੱਗਰੀ ਹਟਾਉਣ ਦੀ ਵੀ ਹਿਦਾਇਤ ਕੀਤੀ ਜਾਵੇਗੀ। 


Harinder Kaur

Content Editor

Related News