ਕਿਸਾਨ ਸ਼ੁਭਕਰਨ ਦੀ ਕਲਸ਼ ਯਾਤਰਾ ਪੁੱਜੀ ਸ਼ੰਭੂ, ਸਾਰੇ ਰਸਤੇ ਨਾਅਰਿਆਂ ਦੀ ਗੂੰਜ ’ਚ ਲੋਕਾਂ ਨੇ ਕੀਤਾ ਨਮਸਕਾਰ

03/16/2024 9:07:39 AM

ਪਟਿਆਲਾ/ਸਨੌਰ (ਮਨਦੀਪ ਜੋਸਨ)-ਖਨੌਰੀ ਬਾਰਡਰ ਵਿਖੇ ਹਰਿਆਣਾ ਪੁਲਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ 15 ਮਾਰਚ ਨੂੰ ਉਨ੍ਹਾਂ ਦੇ ਪਿੰਡ ਬਲੋ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ’ਤੇ ਰੁਕਦੀ ਹੋਈ ਸ਼ੰਭੂ ਬਾਰਡਰ ਵਿਖੇ ਪਹੁੰਚ ਗਈ ਹੈ, ਜਿਥੇ ਨਾਅਰਿਆਂ ਦੀ ਗੂੰਜ ’ਚ ਮੋਦੀ ਸਰਕਾਰ ਦਾ ਪਿਟ-ਸਿਆਪਾ ਕਰਦੇ ਹੋਏ ਹਜ਼ਾਰਾਂ ਕਿਸਾਨਾਂ ਨੇ ਰੋਸ ਰੈਲੀ ਕੀਤੀ।

PunjabKesari
ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਵੱਲੋਂ ਸ਼ੁਰੂ ਕੀਤੇ ਕਿਸਾਨ ਅੰਦੋਲਨ 2 ਦੇ 32ਵੇਂ ਦਿਨ ਅੱਜ ਇੱਥੇ ਹਜ਼ਾਰਾਂ ਗਿਣਤੀ ’ਚ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਕਿਸਾਨ ਆਗੂ ਮਨਜੀਤ ਸਿੰਘ ਰਾਏ, ਗੁਰਅਮਨੀਤ ਸਿੰਘ ਮਾਂਗਟ, ਦਿਲਬਾਗ ਸਿੰਘ ਹਰੀਗੜ੍ਹ, ਮਲਕੀਤ ਸਿੰਘ ਗੁਲਾਮੀਵਾਲਾ, ਚਮਕੌਰ ਸਿੰਘ ਉਸਮਾਨਵਾਲਾ, ਗੁਰਵਿੰਦਰ ਸਿੰਘ ਆਜ਼ਾਦ ਨੇ ਦੱਸਿਆ ਕਿ ਪਿੰਡ ਬਲੋ ਤੋਂ ਦੇਸ਼ ਪੱਧਰੀ ਸ਼ਹੀਦੀ ਕਲਸ਼ ਯਾਤਰਾ ਦਾ ਆਗਾਜ਼ ਕੀਤਾ ਗਿਆ ਹੈ।

PunjabKesari
ਉਨ੍ਹਾਂ ਦੱਸਿਆ ਕਿ ਮੋਰਚੇ ’ਚ ਸ਼ਹੀਦ ਸ਼ੁਭਕਰਾਨ ਸਿੰਘ ਦੀਆਂ ਅਸਥੀਆਂ ਆਉਣ ’ਤੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਭਾਵ 16 ਮਾਰਚ ਨੂੰ ਸਵੇਰੇ 11 ਵਜੇ ਸ਼ੰਭੂ ਬਾਰਡਰ ਤੋਂ ਕਲਸ਼ ਯਾਤਰਾ ਚੱਲ ਕੇ ਹਰਿਆਣਾ ਦੇ ਪੰਚਕੂਲਾ ’ਚ ਰੁਕੇਗੀ, ਜਿਸ ’ਚ ਯਾਤਰਾ ਸ਼ੰਭੂ ਤੋਂ ਬਨੂੰੜ, ਲਾਂਡਰਾਂ ਹੁੰਦੇ ਹੋਏ ਗੁਰਦੁਆਰਾ ਸੋਹਾਣਾ ਸਾਹਿਬ ਆਵੇਗੀ ਅਤੇ ਸੰਗਤ ਨੂੰ ਸ਼ਹੀਦ ਸ਼ੁਭਕਰਨ ਸਿੰਘ ਦੇ ਕਲਸ਼ ਦੇ ਦਰਸ਼ਨ ਕਰਵਾਏਗੀ, ਜਿਸ ਪਿੱਛੋਂ ਯਾਤਰਾ ਮੋਹਾਲੀ ਹੁੰਦੀ ਹੋਈ ਚੰਡੀਗੜ੍ਹ ਵਿਖੇ ਭਾਰਤ ਸਰਕਾਰ ਵੱਲੋਂ ਕੀਤੇ ਇਸ ਕਤਲ ਅਤੇ ਜਬਰ ਨੂੰ ਲੋਕਾਂ ਸਾਹਮਣੇ ਨੰਗਾ ਕਰੇਗੀ। ਅਗਲਾ ਪੜਾਅ ਪੰਚਕੂਲਾ ਦੇ ਪਿੰਡ ਸਕੇਤੜੀ ’ਚ ਹੋਵੇਗਾ, ਜਿਥੇ ਯਾਤਰਾ ਰਾਤ ਰੁਕੇਗੀ। ਕਿਸਾਨ ਆਗੂਆਂ ਨੇ ਹਰਿਆਣਾ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਜਬਰ ਵਿਰੁੱਧ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ। ਭਾਜਪਾ ਅਤੇ ਭਾਜਪਾ ਗੱਠਜੋੜ ਨੂੰ ਸ਼ਹੀਦ ਸ਼ੁਭਕਰਨ ਸਿੰਘ ਅਤੇ ਕਿਸਾਨ ਅੰਦੋਲਨ 2 ਦੇ ਬਾਕੀ ਸ਼ਹੀਦਾਂ ਦੇ ਨਾਂਅ ਦੀਆਂ ਤਖਤੀਆਂ ਅਤੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਵੀ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Aarti dhillon

Content Editor

Related News