27 ਸਤੰਬਰ ਦੇ ਬੰਦ ਨੂੰ ਲੈ ਕੇ ਭਾਕਿਯੂ (ਉਗਰਾਹਾਂ) ਨੇ ਕੱਢੀ ਮੋਟਰਸਾਇਕਲ ਜਾਗਰੂਕਤਾ ਰੈਲੀ
Friday, Sep 24, 2021 - 12:47 PM (IST)

ਤਪਾ ਮੰਡੀ (ਸ਼ਾਮ,ਗਰਗ): ਭਾਕਿਯੂ (ਉਗਰਾਹਾਂ) ਦੇ ਬਲਾਕ ਜਨਰਲ ਸਕੱਤਰ ਦਰਸ਼ਨ ਸਿੰਘ ਚੀਮਾ ਦੇ ਨਿਰਦੇਸ਼ਾਂ ’ਤੇ ਇਕਾਈ ਤਪਾ ਦੇ ਪ੍ਰਧਾਨ ਰਾਜ ਸਿੰਘ ਸਿਧੂ ਦੀ ਅਗਵਾਈ ’ਚ ਬਲਦੇਵ ਸਿੰਘ ਇਕਾਈ ਪ੍ਰਧਾਨ ਦਰਾਜ, ਰਾਮ ਸਿੰਘ ਇਕਾਈ ਪ੍ਰਧਾਨ ਮਹਿਤਾ, ਲਖਵਿੰਦਰ ਸਿੰਘ ਅਤੇ ਜਗਤਾਰ ਸਿੰਘ ਇਕਾਈ ਪ੍ਰਧਾਨ ਢਿੱਲਵਾਂ ਦੇ ਸਹਿਯੋਗ ਨਾਲ 27 ਸਤੰਬਰ ਦੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਟਰਸਾਇਕਲ ਰੈਲੀ ਕੱਢੀ ਗਈ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ 27 ਸਤੰਬਰ ਦੇ ਭਾਰਤ ਬੰਦ ਸੰਬੰਧੀ ਤਿਆਰੀਆਂ ਜੋਸ਼-ਖਰੋਸ਼ ਨਾਲ ਸ਼ੁਰੂ ਹਨ। ਕਿਰਤੀਆਂ-ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ’ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜੰਥੇਬੰਦੀਆਂ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਆਜ਼ਾਦ ਭਾਰਤ ਦੇ ਸਮੇਂ ਦੀਆਂ ਸਰਕਾਰਾਂ ਨੇ ਇਸ ਖ਼ੇਤਰ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਸ਼ੰਘਰਸ ਲਗਾਤਾਰ ਜਾਰੀ ਰਹੇਗਾ। ਇਹ ਮੋਟਰਸਾਇਕਲ ਰੈਲੀ ਬਾਲਮੀਕ ਚੌਂਕ,ਸਕੂਲ ਰੋਡ,ਸਦਰ ਬਾਜ਼ਾਰ,ਢਿੱਲਵਾਂ ਰੋਡ,ਦਰਾਜ ਰੋਡ,ਰੂਪ ਚੰਦ ਰੋਡ ਆਦਿ ਸਥਿਤ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ 27 ਸਤੰਬਰ ਦੇ ਬੰਦ ’ਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਜਗਜੀਤ ਸਿੰਘ ਕਾਲਾ,ਗੁਲਾਬ ਸਿੰਘ ਕਾਲਾ,ਜੱਸ਼ੀ ਪੰਧੇਰ,ਗਗਨ ਪੰਧੇਰ,ਹਰਦੀਪ ਸੇਂਖੋ,ਰੇਸ਼ਮ ਰੰਧਾਵਾ,ਮੱਖਣ ਰੰਧਾਵਾ,ਜਗਦੇਵ ਸਿੰਘ ਔਜਗਲਾ,ਜੀਵਨ ਔਜਲਾ,ਜੁਗਰਾਜ ਨੰਬਰਦਾਰ,ਰਣਜੀਤ ਠੋਕਾ,ਸੁਖਵਿੰਦਰ ਸਿਧੂ,ਇੰਦਰਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਬਰਨਾਲਾ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ।