ਜਗਦੀਪ ਨਕੱਈ ਦੀ ਅਗਵਾਈ ''ਚ ਸਾਬਕਾ ਅਕਾਲੀ ਵਿਧਾਇਕ ਅਤੇ ਮੰਤਰੀ ਦੇ ਸਲਾਹਕਾਰ ਰਹੇ ਆਗੂ ਭਾਜਪਾ ''ਚ ਸ਼ਾਮਲ
Wednesday, Jan 04, 2023 - 10:44 PM (IST)

ਮਾਨਸਾ (ਮਿੱਤਲ)- ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਮਾਨਸਾ, ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਅਤੇ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਭਾਜਪਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਡਾ: ਦਲਜੀਤ ਸਿੰਘ ਵੇਰਕਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਰਾਜਨੀਤਿਕ ਸਲਾਹਕਾਰ ਰਹੇ ਗੁਰਮੁੱਖ ਸਿੰਘ ਬਲੇਅਰ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਨਗਰ ਕੀਰਤਨ ਦੌਰਾਨ ਹੋਈ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ, 4 ਨੌਜਵਾਨ ਜ਼ਖ਼ਮੀ
ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਇਸ ਵੇਲੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਹਨ। ਜਿਨ੍ਹਾਂ ਦੀ ਅਗਵਾਈ ਵਿਚ ਨਵੀਂ ਦਿੱਲੀ ਵਿਖੇ ਕੇਂਦਰੀ ਮੰਤਰੀ ਗੇਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਲਜੀਤ ਸਿੰਘ ਵੇਰਕਾ ਅਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਰਾਜਨੀਤਿਕ ਸਲਾਹਕਾਰ ਰਹੇ ਗੁਰਮੁੱਖ ਸਿੰਘ ਬਲੇਅਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਜਗਦੀਪ ਸਿੰਘ ਨਕੱਈ ਨੇ ਦੱਸਿਆ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਉਕਤ ਦੋਨਾਂ ਰਾਜਨੀਤਿਕ ਵਿਅਕਤੀਆਂ ਦਾ ਅਕਾਲੀ ਦਲ ਅੰਦਰ ਵੱਡਾ ਸਥਾਨ ਸੀ, ਜਿਨ੍ਹਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਢਾ, ਅਮਿਤ ਸ਼ਾਹ, ਵਿਜੈ ਰੂਪਾਨੀ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ ਹੈ। ਗੁਰਮੁੱਖ ਸਿੰਘ ਬਲੇਅਰ ਦਾ ਲੰਮਾ ਰਾਜਨੀਤਿਕ ਸਫ਼ਰ ਹੈ। ਉਹ ਪਿੰਡ ਦੇ ਸਰਪੰਚ ਰਹਿਣ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਡਾਇਰੈਕਟਰ, ਅਕਾਲੀ ਸਰਕਾਰ ਸਮੇਂ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਰਾਜਨੀਤਿਕ ਸਲਾਹਕਾਰ, ਐੱਨ.ਡੀ.ਆਰ.ਆਈ ਦੇ ਡਾਇਰੈਕਟਰ ਅਤੇ ਹੋਰ ਅਹੁਦਿਆਂ ਤੇ ਰਹਿ ਚੁੱਕੇ ਹਨ। ਨਕੱਈ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਲਗਾਤਾਰ ਪੈਰ ਪਸਾਰ ਰਹੀ ਹੈ ਜੋ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਦਿਨ-ਦਿਹਾੜੇ ਹੋਇਆ ਕਤਲ, ਘਰ 'ਚ ਵੜ ਕੇ ਤਾੜ-ਤਾੜ ਚਲਾਈਆਂ ਗੋਲ਼ੀਆਂ
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿਚ ਦੇਸ਼ ਸੁਰੱਖਿਅਤ ਹੈ ਅਤੇ ਹਰ ਕੋਈ ਭਾਜਪਾ ਨਾਲ ਜੁੜ ਕੇ ਆਪਣਾ ਅਤੇ ਦੇਸ਼ ਦਾ ਭਵਿੱਖ ਸੁਰੱਖਿਅਤ ਦੇਖ ਰਿਹਾ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਡਾ: ਦਲਜੀਤ ਸਿੰਘ ਵੇਰਕਾ ਅਤੇ ਗੁਰਮੁੱਖ ਸਿੰਘ ਬਲੇਅਰ ਦਾ ਸਵਾਗਤ ਕੀਤਾ ਹੈ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗੇਜੇਂਦਰ ਸਿੰਘ ਸੇਖਾਵਤ ਨੇ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਅੰਦਰ ਇਨ੍ਹਾਂ ਨੇਤਾਵਾਂ ਦੀ ਸ਼ਮੂਲੀਅਤ ਨਾਲ ਮਜਬੂਤੀ ਬਣੇਗੀ। ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਵੀ ਸ਼ਾਮਲ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।