PSEB ਦੇ ਰਾਡਾਰ ’ਤੇ ਅਧਿਆਪਕਾਂ ਨੂੰ ਘੱਟ ਤਨਖਾਹ ਦੇਣ ਵਾਲੇ ਸਕੂਲ
Monday, Feb 22, 2021 - 12:41 AM (IST)
ਲੁਧਿਆਣਾ, (ਵਿੱਕੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਤੋਂ ਐਫੀਲੀਏਟਿਡ ਸਕੂਲਾਂ ਵੱਲੋਂ ਆਪਣੇ ਅਧਿਆਪਕਾਂ ਨੂੰ ਨਿਯਮਾਂ ਅਨੁਸਾਰ ਤਨਖਾਹ ਦੇਣ ਦੇ ਸਬੰਧ ’ਚ ਇਕ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ’ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਧਿਆਨ ’ਚ ਆਇਆ ਹੈ ਕਿ ਕਈ ਐਫੀਲੀਏਟਿਡ ਸਕੂਲਾਂ ਵੱਲੋਂ ਅਧਿਆਪਕਾਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਕਰਦੇ ਹੋਏ ਸਕੂਲਾਂ ਵੱਲੋਂ ਐਫੀਲੇਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਸਾਰੇ ਸਕੂਲ ਐਫੀਲੇਸ਼ਨ ਦੇ ਵਿਨਿਯਮਾਂ ਦੀ ਜਿਉਂ ਦੀ ਤਿਉਂ ਪਾਲਣਾ ਕਰਨ ਅਤੇ ਇਸ ਤਰ੍ਹਾਂ ਨਾ ਕਰਨ ਦੀ ਸੂਰਤ ’ਚ ਸੰਸਥਾ ਵਿਰੁੱਧ ਐਫੀਲੇਸ਼ਨ ਵਿਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਸੰਸਥਾ ਦੀ ਆਪਣੀ ਹੋਵੇਗੀ।
ਸਕੂਲ ਕਰਦੇ ਹਨ ਅਧਿਆਪਕਾਂ ਦਾ ਸ਼ੋਸ਼ਣ
ਇਸ ਸਬੰਧ ’ਚ ਵੱਖ-ਵੱਖ ਪ੍ਰਾਈਵੇਟ ਸਕੂਲਾਂ ’ਚ ਤਾਇਨਾਤ ਅਧਿਆਪਕਾਂ ਨੇ ਆਪਣਾ ਨਾਮ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਕਈ ਨਿੱਜੀ ਸਕੂਲਾਂ ਵੱਲੋਂ ਅਧਿਆਪਕਾਂ ਦਾ ਵਿਆਪਕ ਪੱਧਰ ’ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਰੋਨਾ ਤੋਂ ਬਾਅਦ ਇਹ ਸ਼ੋਸ਼ਣ ਹੋਰ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਥੇ ਹੁਣ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਘੱਟ ਤਨਖਾਹ ’ਤੇ ਕੰਮ ਕਰਨਾ ਪੈ ਰਿਹਾ ਹੈ, ਉਥੇ ਉਨ੍ਹਾਂ ’ਤੇ ਕੰਮ ਦਾ ਬੋਝ ਕਈ ਗੁਣਾ ਵਧ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਸਿਰਫ ਸਕੂਲ ’ਚ ਪੜ੍ਹਾਉਣਾ ਹੁੰਦਾ ਸੀ, ਹੁਣ ਉਨ੍ਹਾਂ ਨੂੰ ਸਕੂਲ ਤੋਂ ਬਾਅਦ ਆਨਲਾਈਨ ਵੀ ਪੜ੍ਹਾਉਣਾ ਪੈ ਰਿਹਾ ਹੈ, ਜਦੋਂ ਉਹ ਪੂਰੀ ਤਨਖਾਹ ਦੇਣ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਹਵਾਲਾ ਦਿੰਦੇ ਹੋਏ ਨੌਕਰੀ ਤੋਂ ਕੱਢਣ ਦੀ ਧਮਕੀ ਤੱਕ ਦਿੱਤੀ ਜਾਂਦੀ ਹੈ। ਅਧਿਆਪਕਾਂ ਨੇ ਦੱਸਿਆ ਕਿ ਕਈ ਸਕੂਲ ਤਾਂ ਘੱਟ ਤਨਖਾਹ ਦਿੰਦੇ ਹੋਏ ‘ਜ਼ਿਆਦਾ ਤਨਖਾਹ’ ’ਤੇ ਅਧਿਆਪਕਾਂ ਦੇ ਸਾਈਨ ਕਰਵਾ ਲੈਂਦੇ ਹਨ ਅਤੇ ਕੁਝ ਸਕੂਲਾਂ ਵੱਲੋਂ ਅਧਿਆਪਕਾਂ ਦੀ ਜ਼ਿਆਦਾ ਸੈਲਰੀ ਬੈਂਕਾਂ ’ਚ ਟਰਾਂਸਫਰ ਕੀਤੀ ਜਾਂਦੀ ਹੈ ਅਤੇ ਦੂਜੇ ਦਿਨ ਸਕੂਲ ਵੱਲੋਂ ਹੀ ਉਹ ਸੈਲਰੀ ਕੱਢਵਾ ਲਈ ਜਾਂਦੀ ਹੈ। ਜੇਕਰ ਮੈਨੂਅਲੀ ਚੈੱਕ ਕੀਤਾ ਜਾਵੇ ਤਾਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੀ ਸੈਲਰੀ ਟਰਾਂਸਫਰ ਹੋਣ ਦੇ ਦੂਜੇ ਦਿਨ ਹੀ ਇਕ ਨਿਯਮਿਤ ਰਕਮ ਬੈਂਕ ਤੋਂ ਹਰ ਮਹੀਨੇ ਕੱਢਵਾਈ ਜਾਂਦੀ ਹੈ।
ਸਰਕਾਰ ਅਤੇ ਵਿਭਾਗ ਸਭ ਜਾਣਦੈ
ਅਧਿਆਪਕਾਂ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਘੱਟ ਤਨਖਾਹ ਦੇਣ ਦੀ ਗੱਲ ਨੂੰ ਉਹ ਨਾ ਜਾਣੇ ਕਿੰਨੀ ਵਾਰ ਸਿੱਖਿਆ ਵਿਭਾਗ ਬੋਰਡ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੱਕ ਪਹੁੰਚਾ ਚੁੱਕੇ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਬੋਰਡ ਅਤੇ ਸਿੱਖਿਆ ਵਿਭਾਗ ਦੀ ਕਾਰਵਾਈ ਸਿਰਫ ਕਾਗਜ਼ਾਂ ਤੱਕ ਸੀਮਿਤ ਹੈ।
ਕੋਰੋਨਾ ’ਚ ਨੌਕਰੀ ਵੀ ਗਈ ਅਤੇ ਤਨਖਾਹ ਵੀ
ਅਧਿਆਪਕਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਜਿਥੇ ਸਭ ਲਈ ਹਰ ਪੱਖੋਂ ਇਕ ਬੁਰੇ ਸੁਪਨੇ ਦੀ ਤਰ੍ਹਾਂ ਸੀ, ਉਥੇ ਦੂਜੇ ਪਾਸੇ ਇਹ ਕੁਝ ਨਿੱਜੀ ਸਕੂਲਾਂ ਲਈ ਵਰਦਾਨ ਦੇ ਰੂਪ ਦੀ ਤਰ੍ਹਾਂ ਸਾਬਿਤ ਹੋਇਆ ਹੈ। ਅਧਿਆਪਕਾਂ ਨੇ ਦੱਸਿਆ ਕਿ ਇਨ੍ਹਾਂ ਕੁਝ ਨਿੱਜੀ ਸਕੂਲਾਂ ਵੱਲੋਂ ਜਿਥੇ ਅਧਿਆਪਕਾਂ ਤੋਂ ਫੀਸ ਲੈ ਲਈ ਗਈ, ਉਥੇ ਅਧਿਆਪਕਾਂ ਨੂੰ ਬਿਨਾਂ ਤਨਖਾਹ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਸਬੰਧ ’ਚ ਕਈ ਸ਼ਿਕਾਇਤਾਂ ਵਿਭਾਗ ਤੱਕ ਪੁੱਜੀਆਂ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।