ਵਣ ਵਿਭਾਗ ਦੀਆਂ ‘ਟਾਹਲੀਆਂ’ ’ਤੇ ਚੱਲੀ ਕੁਹਾੜੀ, ਰਾਤੋ-ਰਾਤ ਮਿਟਾਇਆ ਨਾਮੋ-ਨਿਸ਼ਾਨ
Monday, May 04, 2026 - 05:51 PM (IST)
ਪਾਤੜਾਂ (ਸੁਖਦੀਪ ਸਿੰਘ ਮਾਨ) : ਪਾਤੜਾਂ-ਪਟਿਆਲਾ ਮੁੱਖ ਮਾਰਗ ’ਤੇ ਇੱਕ ਨਿੱਜੀ ਸਵਾਰਥ ਦੀ ਖ਼ਾਤਰ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਕ ਕਥਿਤ ਨਿੱਜੀ ਸ਼ੋਅ-ਰੂਮ ਦੇ ਮਾਲਕ ਵੱਲੋਂ ਆਪਣੇ ਵਪਾਰਕ ਅਦਾਰੇ ਦੀ ਦਿੱਖ ਨੂੰ ‘ਕੀਮਤੀ’ ਬਣਾਉਣ ਅਤੇ ਗਾਹਕਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਉਣ ਲਈ ਵਣ ਵਿਭਾਗ ਦੀਆਂ ਦੋ ਪੁਰਾਣੀਆਂ ਟਾਹਲੀਆਂ ਨੂੰ ਰਾਤੋ-ਰਾਤ ਜੜ੍ਹੋਂ ਪੁੱਟ ਕੇ ਗਾਇਬ ਕਰ ਦਿੱਤਾ ਗਿਆ। ਸੂਤਰ ਦੱਸਦੇ ਹਨ ਕਿ ਸ਼ੋਅ-ਰੂਮ ਦੇ ਮੂਹਰੇ ਲੱਗੇ ਇਹ ਹਰੇ-ਭਰੇ ਦਰਖਤ ਮਾਲਕ ਦੀਆਂ ਅੱਖਾਂ ਵਿਚ ‘ਪਹਾੜ’ ਵਾਂਗ ਰੜਕ ਰਹੇ ਸਨ। ਆਪਣੀ ਪ੍ਰਾਪਰਟੀ ਨੂੰ ਕਰੋੜਾਂ ਦੀ ਬਣਾਉਣ ਲਈ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਰਾਤ ਦੇ ਹਨੇਰੇ ਵਿਚ ਟਾਹਲੀਆਂ ਨੂੰ ਪੁੱਟ ਕੇ ਖੁਰਦ ਬੁਰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੜਕ ਕਿਨਾਰੇ ਲੱਗੇ ਹਰ ਛੋਟੇ-ਵੱਡੇ ਪੌਦੇ ਦਾ ਵਣ ਵਿਭਾਗ ਕੋਲ ਰਿਕਾਰਡ ਹੁੰਦਾ ਹੈ ਅਤੇ ਇਹਨਾਂ ਨੂੰ ਵਿਸ਼ੇਸ਼ ਨੰਬਰ ਅਲਾਟ ਕੀਤੇ ਜਾਂਦੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇੱਥੇ ਨੰਬਰਾਂ ਸਮੇਤ ਦਰਖਤਾਂ ਦੀ ਹੋਂਦ ਹੀ ਮਿਟਾ ਦਿੱਤੀ ਗਈ, ਜੋ ਕਿ ਭਾਰਤੀ ਵਣ ਐਕਟ (Indian Forest Act) ਦੀ ਸਿੱਧੀ ਉਲੰਘਣਾ ਹੈ।
ਇੱਥੇ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਇੰਨੀ ਵੱਡੀ ਕਾਰਵਾਈ ਰਾਤੋ-ਰਾਤ ਹੋ ਗਈ ਅਤੇ ਸਥਾਨਕ ਵਣ ਵਿਭਾਗ ਦੇ ਕਰਮਚਾਰੀਆਂ ਨੂੰ ਹੁਣ ਤੱਕ ਕੰਨੋ-ਕੰਨ ਖ਼ਬਰ ਨਹੀਂ ਹੋਈ? ਦੂਜੇ ਪਾਸੇ ਜਦੋਂ ਇਸ ਸਬੰਧੀ ਕਥਿਤ ਸ਼ੋਅ-ਰੂਮ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਬੜੀ ਚਤੁਰਾਈ ਨਾਲ ਪੱਲਾ ਝਾੜਦਿਆਂ ਕਿਹਾ, "ਮੈਨੂੰ ਇਸ ਬਾਰੇ ਜਾਣਕਾਰੀ ਨਹੀਂ, ਇਹ ਮਾਮਲਾ ਮੇਰੇ ਵੱਡੇ ਭਰਾ ਦੇਖਦੇ ਹਨ, ਮੈਂ ਗੱਲ ਕਰਕੇ ਦੱਸਦਾ ਹਾਂ।" ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ।
ਉਧੜ ਜਦੋਂ ਜ਼ਿਲ੍ਹਾ ਵਣ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਸ ਦੀ ਜਲਦ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕਿਸੇ ਕਰਮਚਾਰੀ ਦੀ ਮਿਲੀਭੁਗਤ ਪਾਈ ਗਈ ਤਾਂ ਉਸ ਵਿਰੁੱਧ ਵੀ ਮੁਕੱਦਮਾ ਦਰਜ ਕਰਵਾ ਕੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
