ਬੋਲੜ ਕਲਾਂ ਸਕੂਲ ਦਾ ਮਾਮਲਾ ਭਖਿਆ, ਵਿਦਿਆਰਥੀਆਂ ਵੱਲੋਂ ਪੰਜਾਬੀ ਦੇ ਪੇਪਰ ਦਾ ਬਾਈਕਾਟ

Saturday, Feb 08, 2020 - 01:00 PM (IST)

ਬੋਲੜ ਕਲਾਂ ਸਕੂਲ ਦਾ ਮਾਮਲਾ ਭਖਿਆ, ਵਿਦਿਆਰਥੀਆਂ ਵੱਲੋਂ ਪੰਜਾਬੀ ਦੇ ਪੇਪਰ ਦਾ ਬਾਈਕਾਟ

ਪਟਿਆਲਾ/ਸਨੌਰ (ਜੋਸਨ): ਸਨੌਰ ਨੇੜਲੇ ਪਿੰਡ ਬੋਲੜ ਕਲਾਂ ਸਕੂਲ ਦਾ ਮਾਮਲਾ ਅੱਜ ਵੀ ਭਖਿਆ ਰਿਹਾ। ਵਿਦਿਆਰਥੀਆਂ ਨੇ ਪੰਜਾਬੀ ਦੇ ਪੇਪਰ ਦਾ ਬਾਈਕਾਟ ਕਰ ਕੇ ਸਕੂਲ ਦੇ ਗੇਟ ਬਾਹਰ ਆਪਣੇ ਮਾਪਿਆਂ ਨਾਲ ਅਧਿਆਪਕ ਭੁਪਿੰਦਰ ਸਿੰਘ ਨੂੰ ਵਾਪਸ ਲਿਆਉਣ ਲਈ ਧਰਨਾ ਦਿੱਤਾ। ਜ਼ਿਲਾ ਸਿੱਖਿਆ ਅਫਸਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਸਕੂਲ ਦਾ ਮਾਹੌਲ ਖਰਾਬ ਹੁੰਦਾ ਵੇਖ ਜ਼ਿਲਾ ਸਿੱਖਿਆ ਅਫਸਰ ਅਤੇ ਪੁਲਸ ਮੌਕੇ 'ਤੇ ਪਹੁੰਚੀ। ਵਿਦਿਆਰਥੀਆਂ ਦੇ ਮਾਪਿਆਂ ਕਿਹਾ ਕਿ ਸਾਡੇ ਬੱਚਿਆਂ ਦਾ ਹੁਣ ਸਕੂਲ ਆਉਣ ਨੂੰ ਮਨ ਨਹੀਂ ਕਰਦਾ। ਅਸੀਂ ਉਨ੍ਹਾਂ ਨੂੰ ਪਿੰਡ ਚੱਪੜ ਦੇ ਸਰਕਾਰੀ ਸਕੂਲ ਵਿਚ ਦਾਖਲ ਕਰਵਾ ਦੇਵਾਂਗੇ।

ਵਿਦਿਆਰਥੀਆਂ ਦੇ ਮਾਪਿਆਂ ਜਸਪ੍ਰੀਤ ਸਿੰਘ, ਜਸਦੇਵ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਬੱਚਿਆਂ ਦਾ ਅੱਜ ਪੰਜਾਬੀ ਦਾ ਪੇਪਰ ਸੀ। ਉਨ੍ਹਾਂ ਵੱਲੋਂ ਬਾਈਕਾਟ ਕੀਤਾ ਗਿਆ। ਮਾਪੇ ਚਾਹੁੰਦੇ ਹਨ ਕਿ ਅਧਿਆਪਕ ਭੁਪਿੰਦਰ ਸਿੰਘ ਨੂੰ ਵਾਪਸ ਸਕੂਲ 'ਚ ਲਿਆਂਦਾ ਜਾਵੇ। ਸਰਪੰਚ ਨੂੰ ਆਪਣੀ ਰਾਜਨੀਤੀ ਸਕੂਲ 'ਚੋਂ ਬਾਹਰ ਕਰਨੀ ਚਾਹੀਦੀ ਹੈ। ਅਧਿਆਪਕ ਭੁਪਿੰਦਰ ਅਤੇ ਸਰਪੰਚ ਵਿਚ ਤਕਰਾਬਾਜ਼ੀ ਹੋਈ ਹੈ। ਅੱਜ ਹੈੱਡ ਅਧਿਆਪਕ ਭੁਪਿੰਦਰ ਸਿੰਘ ਦੀ ਬਦਲੀ ਕਰਵਾਈ ਹੈ। ਕੱਲ ਨੂੰ ਕਿਸੇ ਹੋਰ ਅਧਿਆਪਕ ਦੀ ਬਦਲੀ ਹੋ ਸਕਦੀ ਹੈ। ਇਸ ਦਾ ਸਿੱਧਾ ਅਸਰ ਸਾਡੇ ਬੱਚਿਆਂ ਦੀ ਪੜ੍ਹਾਈ 'ਤੇ ਪੈ ਰਿਹਾ ਹੈ। ਸਾਡੀ ਸੁਣਵਾਈ ਨਾ ਕਿਸੇ ਅਧਿਆਪਕ ਵੱਲੋਂ ਕੀਤੀ ਜਾ ਰਹੀ ਹੈ ਅਤੇ ਨਾ ਹੀ ਜ਼ਿਲਾ ਸਿੱਖਿਆ ਅਫਸਰ ਸੁਣ ਰਿਹਾ ਹੈ। ਅਸੀਂ ਆਪਣੇ ਬੱਚਿਆਂ ਨੂੰ ਉਦੋਂ ਤੱਕ ਸਕੂਲ ਨਹੀਂ ਭੇਜਾਂਗੇ ਜਦੋਂ ਤੱਕ ਸਮੱਸਿਆ ਦਾ ਹੱਲ ਨਹੀ ਨਿਕਲਦਾ।

ਜਦੋਂ ਇਸ ਸਬੰਧੀ ਐੱਸ. ਐੱਮ. ਸੀ. ਕਮੇਟੀ ਦੇ ਚੇਅਰਮੈਨ ਮਾਹੀਪਾਲ ਸਿੰਘ ਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਨੂੰ ਕਈ ਮਹੀਨੀਆਂ ਤੋਂ ਐੱਸ. ਐੱਮ. ਸੀ. ਦੀ ਗ੍ਰਾਂਟ ਆਈ ਹੋਈ ਸੀ। ਉਸ ਦੀ ਵੀ ਵਰਤੋਂ ਨਹੀਂ ਕੀਤੀ ਜਾ ਰਹੀ ਸੀ। ਅਧਿਆਪਕ ਦੀ ਇਸੇ ਕਰ ਕੇ ਹੀ ਬਦਲੀ ਕੀਤੀ ਗਈ ਹੈ।


author

Shyna

Content Editor

Related News