ਸਾਬਕਾ ਮਹਿਲਾ ਸਰਪੰਚ ਦੇ ਪਤੀ ’ਤੇ ਚਲਾਈ ਗੋਲੀ, ਵਾਲ-ਵਾਲ ਬਚੇ

Tuesday, Dec 25, 2018 - 03:07 AM (IST)

ਸਾਬਕਾ ਮਹਿਲਾ ਸਰਪੰਚ ਦੇ ਪਤੀ ’ਤੇ ਚਲਾਈ ਗੋਲੀ, ਵਾਲ-ਵਾਲ ਬਚੇ

ਤਲਵੰਡੀ ਸਾਬੋ, (ਮੁਨੀਸ਼)- ਅੱਜ ਦੇਰ ਸ਼ਾਮ ਨੇਡ਼ਲੇ ਪਿੰਡ ਜੰਬਰ ਬਸਤੀ ਦੀ ਸਾਬਕਾ ਮਹਿਲਾ ਸਰਪੰਚ ਦਾ ਅਸਲਾ ਅਤੇ ਗੱਡੀ ਉਨ੍ਹਾਂ ਦੇ ਪਤੀ ਨੂੰ ਮਿਲਣ ਆਏ ਚਾਰ ਨੌਜਵਾਨ ਨਾ ਸਿਰਫ ਲੈ ਕੇ ਫਰਾਰ ਹੋ ਗਏ ਸਗੋਂ ਮਹਿਲਾ ਸਰਪੰਚ ਦੇ ਪਤੀ ’ਤੇ ਗੋਲੀ ਵੀ ਚਲਾਈ।  ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਤਲਵੰਡੀ ਸਾਬੋ ਪੁਲਸ ਨੂੰ ਸੂਚਨਾ ਮਿਲੀ ਕਿ ਨੇਡ਼ਲੇ ਪਿੰਡ ਜੰਬਰ ਬਸਤੀ ਦੀ ਸਾਬਕਾ ਮਹਿਲਾ ਸਰਪੰਚ ਕ੍ਰਿਪਾਲ ਕੌਰ ਦੇ ਘਰੋਂ ਚਾਰ ਨੌਜਵਾਨਾਂ ਵੱਲੋਂ ਅਸਲੇ ਅਤੇ ਕਾਰ ਚੋਰੀ ਕਰ ਲਈ ਗਈ ਹੈ ਤੇ ਮਹਿਲਾ ਸਰਪੰਚ ਦੇ ਪਤੀ ’ਤੇ ਗੋਲੀ ਵੀ ਚਲਾਈ ਹੈ। ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਪੁਲਸ ਤੁਰੰਤ ਮਹਿਲਾ ਸਰਪੰਚ ਦੇ ਘਰ ਪੁੱਜੀ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮਹਿਲਾ ਸਰਪੰਚ ਦੇ ਪਤੀ ਹਰਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਉਸ ਨੂੰ ਅਕਸਰ ਮਿਲਣ ਲਈ ਆਉਂਦੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਸਤਨਾਮ ਸਿੰਘ ਉਰਫ ਖਾਨ ਵਾਸੀ ਨਵਾਂ ਪਿੰਡ, ਸ਼ੇਰੂ ਸਿੰਘ ਵਾਸੀ ਸੰਗਤ ਖੁਰਦ, ਹੈਪੀ ਸਿੰਘ ਵਾਸੀ ਸੋਢੀ ਵਾਲਾ (ਫਿਰੋਜ਼ਪੁਰ) ਸਕਾਰਪੀਓ ਗੱਡੀ ’ਤੇ ਉਸਦੇ ਘਰ ਪੁੱਜੇ ਜਦੋਂ ਉਨ੍ਹਾਂ ਨੂੰ ਉਹ ਬਿਠਾ ਕੇ ਪਾਣੀ ਲੈਣ ਗਿਆ ਤਾਂ ਉਨ੍ਹਾਂ ਨੇ ਅਲਮਾਰੀ ਵਿਚ ਪਿਆ ਉਸਦੀ ਪਤਨੀ ਦਾ ਪਿਸਟਲ ਅਤੇ ਰਾਈਫਲ ਚੁੱਕ ਲਈ ਤੇ ਨਾਲ ਹੀ ਕਾਰਤੂਸਾਂ ਵਾਲਾ ਝੋਲਾ ਵੀ ਚੁੱਕ ਲਿਆ। ਜਦੋਂ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ’ਚੋਂ ਇਕ ਵਿਅਕਤੀ ਮਨਪ੍ਰੀਤ ਸਿੰਘ ਮੰਨਾ ਨੇ ਗੋਲੀ ਚਲਾ ਦਿੱਤੀ। ਉਸਨੇ ਦਰਵਾਜ਼ਾ ਬੰਦ ਕਰ ਕੇ ਅਾਪਣੀ ਜਾਨ ਬਚਾਈ। ਬਿੱਟੂ ਨੇ ਦੱਸਿਆ ਕਿ ਕਥਿਤ ਦੋਸ਼ੀ ਜਾਂਦੇ-ਜਾਂਦੇ ਉਸਦੀ ਵਿਹਡ਼ੇ ਵਿਚ ਖਡ਼੍ਹੀ ਡਿਜ਼ਾਇਰ ਕਾਰ ਵੀ ਲੈ ਗਏ। ਤਲਵੰਡੀ ਸਾਬੋ ਪੁਲਸ ਨੇ ਹਰਜਿੰਦਰ ਸਿੰਘ ਬਿੱਟੂ ਦੇ ਬਿਆਨਾਂ ’ਤੇ ਥਾਣਾ ਤਲਵੰਡੀ ਸਾਬੋ ’ਚ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ ਤੇ ਜਲਦੀ ਹੀ ਕਥਿਤ ਦੋਸ਼ੀ ਕਾਬੂ ਕਰ ਲਏ ਜਾਣਗੇ।


author

KamalJeet Singh

Content Editor

Related News