ਸੰਗਰੂਰ ਲੋਕ ਸਭਾ ਉਪ ਚੋਣ ਲਈ ਹਲਕੇ ਦੇ 48.89 ਫ਼ੀਸਦੀ ਮਰਦ ਤੇ 41.26 ਫ਼ੀਸਦੀ ਔਰਤ ਵੋਟਰਾਂ ਨੇ ਪਾਈ ਵੋਟ

Saturday, Jun 25, 2022 - 02:55 AM (IST)

ਭਵਾਨੀਗੜ੍ਹ (ਕਾਂਸਲ) : ਸੰਗਰੂਰ ਲੋਕ ਸਭਾ ਦੀ ਉਪ ਚੋਣ ਲਈ ਮਤਦਾਨ ਬਹੁਤ ਘੱਟ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਚੋਣ ’ਚ ਲੋਕ ਸਭਾ ਸੰਗਰੂਰ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ 48.89 ਫ਼ੀਸਦੀ ਮਰਦ, 41.26 ਫ਼ੀਸਦੀ ਔਰਤ ਵੋਟਰਾਂ ਤੇ 20.45 ਹੋਰ ਵੋਟਰਾਂ ਵੱਲੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੇ ਜਾਣ ਕਾਰਨ ਕੁੱਲ 45. 29 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਉਪ ਚੋਣ ਲਈ ਮਤਦਾਨ ਬਹੁਤ ਘੱਟ ਹੋਣ ’ਤੇ ਜਿਥੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸਿਆਸੀ ਧਿਰ 'ਤੇ ਨਿਸ਼ਾਨੇ ਸਾਧਦਿਆਂ ਇਸ ਨੂੰ ਸਰਕਾਰ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਦੱਸ ਕੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸਿਆਸੀ ਧਿਰ ਦੀ ਨੈਕਿਤ ਹਾਰ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਸਿਆਸੀ ਧਿਰ ਦੇ ਆਗੂਆਂ ਵੱਲੋਂ ਇਸ ਚੋਣ ’ਚ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਰਾਂ ’ਚ ਉਤਸ਼ਾਹ ਦੀ ਕੋਈ ਕਮੀ ਨਹੀਂ ਸੀ ਤੇ ਨਾ ਹੀ ਲੋਕ ਸਰਕਾਰ ਤੋਂ ਨਰਾਜ਼ ਹਨ। ਇਸ ਚੋਣ ’ਚ ਮਤਦਾਨ ਘੱਟ ਹੋਣ ਦਾ ਮਹਿਜ਼ ਕਾਰਨ ਖੇਤੀ ਪ੍ਰਧਾਨ ਸੂਬਾ ਹੋਣ ਕਾਰਕੇ ਸੂਬੇ ਅੰਦਰ ਝੋਨੇ ਦੀ ਫ਼ਸਲ ਦੀ ਲੁਆਈ ਦਾ ਸੀਜ਼ਨ ਜ਼ੋਰਾਂ 'ਤੇ ਹੋਣ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦਾ ਖੇਤਾਂ ’ਚ ਰੁੱਝੇ ਹੋਣਾ ਹੈ।

PunjabKesari

ਜੇਕਰ ਹੁਣ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਮਤਦਾਨ ਦੀ ਗੱਲ ਕਰੀਏ ਤਾਂ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਸਭ ਤੋਂ ਵੱਡੇ ਵਿਧਾਨ ਸਭਾ ਹਲਕੇ ਸੁਨਾਮ ਤੋਂ 51.06 ਫ਼ੀਸਦੀ ਮਰਦ ਤੇ 42.93 ਫ਼ੀਸਦੀ ਔਰਤ ਵੋਟਰਾਂ ਨੇ ਆਪਣੀ ਵੋਟ ਪਾਈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਸੰਗਰੂਰ ਤੋਂ 49.32 ਫ਼ੀਸਦੀ ਮਰਦ ਤੇ 40.13 ਫ਼ੀਸਦੀ ਔਰਤ ਵੋਟਰਾਂ, ਹਲਕਾ ਲਹਿਰਾ ਤੋਂ 46.31 ਫ਼ੀਸਦੀ ਮਰਦ ਤੇ 39.50 ਫ਼ੀਸਦੀ ਔਰਤ ਵੋਟਰਾਂ, ਹਲਕਾ ਦਿੜ੍ਹਬਾ ਤੋਂ 50.06 ਫ਼ੀਸਦੀ ਮਰਦ ਤੇ 42.81 ਫ਼ੀਸਦੀ ਔਰਤ ਵੋਟਰਾਂ, ਹਲਕਾ ਭਦੌੜ ਤੋਂ 47.43 ਫ਼ੀਸਦੀ ਵੋਟਰਾਂ ਤੇ 41.27 ਫ਼ੀਸਦੀ ਔਰਤ ਵੋਟਰਾਂ, ਹਲਕਾ ਬਰਨਾਲਾ ਤੋਂ 44.99 ਫ਼ੀਸਦੀ ਮਰਦ ਤੇ 37.46 ਫ਼ੀਸਦੀ ਔਰਤ ਵੋਟਰਾਂ, ਹਲਕਾ ਮਹਿਲ ਕਲਾਂ ਤੋਂ 47.02 ਫ਼ੀਸਦੀ ਮਰਦ ਤੇ 40.19 ਫ਼ੀਸਦੀ ਔਰਤ ਵੋਟਰਾਂ, ਹਲਕਾ ਮਾਲੇਰਕੋਟਲਾ ਤੋਂ 51.68 ਫ਼ੀਸਦੀ ਮਰਦ ਤੇ 43.14 ਫ਼ੀਸਦੀ ਔਰਤ ਵੋਟਰਾਂ ਤੇ ਹਲਕਾ ਧੂਰੀ ਤੋਂ 51.89 ਫ਼ੀਸਦੀ ਮਰਦ ਤੇ 40.13 ਫ਼ੀਸਦੀ ਔਰਤ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।


Mukesh

Content Editor

Related News